ਮੁੱਖ ਮੰਤਰੀ ਨੂੰ ਰਾਜ ਵਿੱਚ ਪਹਿਲਾਂ ਤੋਂ ਮੌਜੂਦ ਉਦਯੋਗਾਂ ਨੂੰ ਬਰਾਬਰ ਪ੍ਰੋਤਸਾਹਨ ਦੇਣ ਦੀ ਕੀਤੀ ਅਪੀਲ – ਅਮਰਜੀਤ ਸਿੰਘ ਟਿੱਕਾ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਿਆ
ਨਿਊਜ਼ ਪੰਜਾਬ
ਲੁਧਿਆਣਾ, 28 ਜੁਲਾਈ – ਉਦਯੋਗ ਦੀ ਤਰਫੋਂ ਪੀ.ਐਮ.ਆਈ.ਡੀ.ਬੀ. ਦੇ ਚੇਅਰਮੈਨ ਸ੍ਰੀ ਅਮਰਜੀਤ ਸਿੰਘ ਟਿੱਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖ ਕੇ ਰਾਜ ਵਿੱਚ ਪਹਿਲਾਂ ਤੋਂ ਮੌਜੂਦ ਉਦਯੋਗਾਂ ਨੂੰ ਬਰਾਬਰ ਪ੍ਰੋਤਸਾਹਨ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਮੁੱਖ ਮੰਤਰੀ ਨੂੰ ਪੰਜਾਬ ਵਿਚ ਉਦਯੋਗਾਂ ਦੇ ਜ਼ਬਰਦਸਤ ਵਿਕਾਸ ਲਈ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਇਸ ਤਰ੍ਹਾਂ ਦੇ ਵਿਕਾਸ ਦਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਬਣਾਈਆਂ ਅਗਾਂਹਵਧੂ ਉਦਯੋਗਿਕ ਨੀਤੀਆਂ ਨੂੰ ਜਾਂਦਾ ਹੈ।
ਸ੍ਰੀ ਟਿੱਕਾ ਨੇ ਕਿਹਾ ਕਿ ਉਦਯੋਗਾਂ ਦੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਪੰਜਾਬ ਵਿੱਚ ਸਥਾਪਤ ਕੀਤੇ ਜਾ ਰਹੇ ਨਵੇਂ ਉਦਯੋਗਾਂ ਨੂੰ ਵੱਡੀ ਗਿਣਤੀ ਵਿੱਚ ਪ੍ਰੋਤਸਾਹਨ, ਛੋਟਾਂ ਅਤੇ ਸਬਸਿਡੀਆਂ ਦਿੱਤੀਆਂ ਜਾਣੀਆ, ਇਹ ਸੱਚਮੁੱਚ ਸ਼ਲਾਘਾਯੋਗ ਕਦਮ ਹੈ।
ਉਨ੍ਹਾ ਕਿਹਾ ਕਿ ਲੁਧਿਆਣਾ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਗੱਲਬਾਤ ਦੌਰਾਨ ਮੈਨੂੰ ਪਤਾ ਲੱਗਿਆ ਕਿ ਉਦਯੋਗਪਤੀ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਰਹੇ ਹਨ। ਸ੍ਰੀ ਅਮਰਜੀਤ ਸਿੰਘ ਟਿੱਕਾ ਨੇ ਕਿਹਾ ਕਿ ਨਵੇਂ ਸਥਾਪਤ ਉਦਯੋਗਾਂ ਨੂੰ ਪਹਿਲਾਂ ਤੋਂ ਸਥਾਪਤ ਉਦਯੋਗਾਂ ਦੇ ਮੁਕਾਬਲੇ ਵੱਡੀ ਗਿਣਤੀ ਵਿੱਚ ਗਰਾਂਟਾਂ, ਸਬਸਿਡੀਆਂ, ਪ੍ਰੋਤਸਾਹਨ ਅਤੇ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਹ ਸ਼ਹਿਰ ਦੇ ਉਦਯੋਗਪਤੀਆਂ ਵਿੱਚ ਇੱਕ ਕਿਸਮ ਦੀ ਨਾਰਾਜ਼ਗੀ ਦਾ ਕਾਰਨ ਹੈ।
ਉਨ੍ਹਾ ਕਿਹਾ ਕਿ ਪਹਿਲਾਂ ਤੋਂ ਹੀ ਚੱਲ ਰਹੇ ਉਦਯੋਗਾਂ ਨੂੰ ਨਵੇਂ ਲੱਗ ਰਹੇ ਉਦਯੋਗਾਂ ਦੇ ਬਰਾਬਰ ਗਰਾਂਟਾਂ, ਸਬਸਿਡੀਆਂ, ਪ੍ਰੋਤਸਾਹਨ ਅਤੇ ਛੋਟਾਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਇਨ੍ਹਾਂ ਉਦਯੋਗਪਤੀਆਂ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ।