ਪਟਿਆਲਾ – ਪੋਸਟਰ ਮੇਕਿੰਗ, ਸਲੋਗਨ, ਕੋਲਾਜ਼ ਮੇਕਿੰਗ ਰਾਹੀਂ ਵਿਦਿਆਰਥੀਆਂ ਕੋਰੋਨਾ ਤੋਂ ਬਚਾਅ ਲਈ ਕਰ ਰਹੇ ਨੇ ਲੋਕਾਂ ਨੂੰ ਸੁਚੇਤ -8 ਅਗਸਤ ਤੱਕ ਚੱਲਣਗੇ ਅੰਤਰ ਜ਼ਿਲ੍ਹਾ ਆਨਲਾਈਨ ਮੁਕਾਬਲੇ

ਮਿਸ਼ਨ ਫ਼ਤਿਹ ਤਹਿਤ ਕਰਵਾਏ ਜਾ ਰਹੇ ਹਨ ਅੰਤਰ ਜ਼ਿਲ੍ਹਾ ਆਨਲਾਈਨ ਮੁਕਾਬਲੇ : ਪ੍ਰੋ. ਨਵਨੀਤ ਜੇਜੀ

ਨਿਊਜ਼ ਪੰਜਾਬ

ਪਟਿਆਲਾ, 28 ਜੁਲਾਈ: ਕੋਰੋਨਾ ਮਹਾਂਮਾਰੀ ਦੌਰਾਨ ਵਿਦਿਆਰਥੀਆਂ ਦੇ ਸਮੇਂ ਦੀ ਸੁਚੱਜੀ ਵਰਤੋਂ ਕਰਨ ਲਈ ਪਟਿਆਲਾ ਅਤੇ ਸੰਗਰੂਰ ਦੇ ਕਾਲਜਾਂ ਵੱਲੋਂ ਆਨਲਾਈਨ ਅੰਤਰ ਕਾਲਜ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਵਿਦਿਆਰਥੀਆਂ ਵੱਲੋਂ ਵੱਧ ਚੜਕੇ ਹਿੱਸਾ ਲਿਆ ਜਾ ਰਿਹਾ ਹੈ। ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆ ਕਨਵੀਨਰ ਪ੍ਰੋ. ਨਵਨੀਤ ਜੇਜੀ ਨੇ ਦੱਸਿਆ ਕਿ 11 ਜੁਲਾਈ ਤੋਂ ਸ਼ੁਰੂ ਹੋਏ ਇਨ੍ਹਾਂ ਮੁਕਾਬਲਿਆਂ ‘ਚ ਸਰਕਾਰੀ  ਸਟੇਟ ਕਾਲਜ ਪਟਿਆਲਾ, ਸਰਕਾਰੀ ਰਣਬੀਰ ਕਾਲਜ ਸੰਗਰੂਰ, ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਦੇ ਵਿਦਿਆਰਥੀਆਂ ਵੱਲੋਂ ਪੋਸਟਰ ਮੇਕਿੰਗ, ਸਲੋਗਨ ਅਤੇ ਕੋਲਾਜ਼ ਮੇਕਿੰਗ ਮੁਕਾਬਲਿਆਂ ‘ਚ ਹਿੱਸਾ ਲਿਆ ਜਾ ਰਿਹਾ ਹੈ।
ਪ੍ਰੋ. ਜੇਜੀ ਨੇ ਦੱਸਿਆ ਕਿ ਰੈਡ ਰਿਬਨ ਕਲੱਬ, ਐਨ.ਐਸ.ਐਸ. ਵਿੰਗ, ਰੈਡ ਕਰਾਸ ਸੁਸਾਇਟੀ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਅਤੇ ਪ੍ਰਿੰਸੀਪਲ ਡਾ. ਸਿਮਰਤ ਕੌਰ ਦੀ ਅਗਵਾਈ  ‘ਚ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ‘ਚ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਮਲਕੀਤ ਸਿੰਘ ਮਾਨ ਵੱਲੋਂ ਮੁਕਾਬਲਿਆਂ ਲਈ ਵਿਸ਼ਿਆਂ ਦੀ ਚੋਣ ਕੀਤੀ ਗਈ ਹੈ, ਜਿਸ ਵਿੱਚ ਸਿੱਖਿਆ ਅਤੇ ਕੋਰੋਨਾ ਵਾਇਰਸ, ਮਿਸ਼ਨ ਫ਼ਤਿਹ, ਕਰੋਨਾ ਯੋਧੇ ਵਿਸ਼ਿਆਂ ਦੇ ਪੋਸਟਰ ਮੇਕਿੰਗ, ਸਲੋਗਨ ਲਿਖਣ, ਕਾਰਟੂਨ ਬਣਾਉਣ, ਕੋਲਾਜ਼ ਮੇਕਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ।
ਇਸ ਮੌਕੇ ਪ੍ਰਿੰਸੀਪਲ ਡਾ. ਸਿਮਰਤ ਕੌਰ ਨੇ ਦੱਸਿਆ ਇਹ ਆਨਲਾਈਨ ਮੁਕਾਬਲੇ 8 ਅਗਸਤ ਤੱਕ ਜਾਰੀ ਰਹਿਣਗੇ ਅਤੇ ਮੁਕਾਬਲੇ ਖਤਮ ਹੋਣ ਉਪਰੰਤ ਜੱਜਮੈਂਟ ਕਮੇਟੀ ਵੱਲੋਂ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਵਿਦਿਆਰਥੀਆਂ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਲਈ ਆਨਲਾਈਨ ਮੁਕਾਬਲੇ ਸਹਾਈ ਸਿੱਧ ਹੋ ਰਹੇ ਹਨ।
ਇਨ੍ਹਾਂ ਮੁਕਾਬਲਿਆਂ ਨੂੰ ਨੇਪਰੇ ਚਾੜਨ ਵਿੱਚ ਪ੍ਰਬੰਧਕੀ ਕਮੇਟੀ ਮੈਂਬਰ ਡਾ. ਹਰਿੰਦਰ ਕੌਰ, ਸਰਕਾਰੀ ਕਾਲਜ, ਡਾ. ਰਮਨਦੀਪ ਕੌਰ, ਪ੍ਰੋਗਰਾਮ ਅਫ਼ਸਰ ਐਨ.ਐਸ.ਐਸ ਸਰਕਾਰੀ ਕਾਲਜ ਸੁਨਾਮ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

———————————
ਕੈਪਸ਼ਨ:- ਪੋਸਟਰ/ਸਲੋਗਨ ਮੁਕਾਬਲੇ ਦੀਆਂ ਤਿਆਰ ਵੰਨਗੀਆਂ