ਪੰਜਾਬ ਵਿੱਚ ਹੈਪੇਟਾਈਟਸ ਸੀ ਦੇ ਮੁਫ਼ਤ ਇਲਾਜ ਲਈ 35 ਨਵੇਂ ਇਲਾਜ ਕੇਂਦਰ ਸਮਰਪਿਤ – ਪੰਜਾਬ ਭਾਰਤ ਦਾ ਪਹਿਲਾ ਸੂਬਾ ਹੈ ਜਿੱਥੇ ਹੈਪੇਟਾਈਟਸ ਦਾ ਮੁਫ਼ਤ ਇਲਾਜ ਸ਼ੁਰੂ ਕੀਤਾ ਗਿਆ
ਨਿਊਜ਼ ਪੰਜਾਬ
ਚੰਡੀਗੜ, 28 ਜੁਲਾਈ : ਸੂਬੇ ਵਿੱਚ ਹੈਪੇਟਾਈਟਸ ਦੇ ਇਲਾਜ ਦੀ 93 ਫੀਸਦੀ ਇਲਾਜ ਦਰ ਨੂੰ ਵੇਖਦਿਆਂ, ਪੰਜਾਬ ਸਰਕਾਰ ਨੇ ਹੈਪੇਟਾਈਟਸ ਸੀ ਦੇ ਇਲਾਜ ਲਈ ਸੂਬੇ ਨੂੰ 35 ਨਵੇਂ ਇਲਾਜ ਕੇਂਦਰ ਸਮਰਪਿਤ ਕਰਨ ਦਾ ਫੈਸਲਾ ਕੀਤਾ ਹੈੇ।ਇਹ ਪ੍ਰੋਗਰਾਮ 25 ਇਲਾਜ ਕੇਂਦਰਾਂ ਨਾਲ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ 2020 ਵਿੱਚ ਪੰਜਾਬ ਸੂਬੇ ਨੇ ਇਲਾਜ ਕੇਂਦਰਾਂ ਦੀ ਗਿਣਤੀ ਵਧਾ ਕੇ 60 ਕਰ ਦਿੱਤੀ ਹੈ। ਇਹ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ‘ਵਿਸ਼ਵ ਹੈਪੇਟਾਈਟਸ ਦਿਵਸ’ ਮੌਕੇ ਕੀਤਾ।
ਮੰਤਰੀ ਨੇ ਕਿਹਾ ਕਿ ਪੰਜਾਬ ਭਾਰਤ ਦਾ ਪਹਿਲਾ ਸੂਬਾ ਹੈ ਜਿੱਥੇ ਹੈਪੇਟਾਈਟਸ ਦਾ ਮੁਫ਼ਤ ਇਲਾਜ ਸ਼ੁਰੂ ਕੀਤਾ ਗਿਆ ਜਿਸ ਤਹਿਤ ਹੁਣ ਤੱਕ 1.63 ਲੱਖ ਤੋਂ ਵੱਧ ਵਿਅਕਤੀਆਂ ਦਾ ਟੈਸਟ ਕੀਤਾ ਗਿਆ ਹੈ ਜਿਨਾਂ ਵਿੱਚੋਂ 85,000 ਪ੍ਰਭਾਵਿਤ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਪਿਛਲੇ ਸਾਲ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜੇਲਾਂ ਵਿੱਚ ਹੈਪੇਟਾਈਟਸ ਦੇ ਮੁਫ਼ਤ ਇਲਾਜ ਦੀ ਸ਼ੁਰੂਆਤ ਕੀਤੀ ਜਿੱਥੇ ਜੇਲਾਂ ਵਿੱਚ ਹੀ ਪ੍ਰਭਾਵਿਤ ਕੈਦੀਆਂ ਨੂੰ ਮੁਫ਼ਤ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਉਨਾਂ ਕਿਹਾ ਕਿ ਪੰਜਾਬ ਵੱਲੋਂ ਇਸ ਖੇਤਰ ਵਿੱਚ ਪੁੱਟੀਆਂ ਪੁਲਾਘਾਂ ਵਿਸ਼ਵ ਅਤੇ ਕੌਮੀ ਨੀਤੀ ਘਾੜਿਆਂ ਲਈ ਮਦਦਗਾਰ ਸਾਬਤ ਹੋਣਗੀਆਂ।
ਉਨਾਂ ਕਿਹਾ ਕਿ ਇਸ ਸਾਲ ਗਰਭਵਤੀ ਔਰਤਾਂ ਦੇ ਟੈਸਟ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਜਿਸ ਤਹਿਤ ਹੈਪੇਟਾਈਟਸ ਬੀ ਤੋਂ ਪ੍ਰਭਾਵਿਤ ਗਰਭਵਤੀ ਔਰਤਾਂ ਦੇ ਬੱਚਿਆਂ ਨੂੰ ਵੀ ਕਵਰ ਕੀਤਾ ਜਾਵੇਗਾ। ਉਨਾਂ ਅੱਗੇ ਕਿਹਾ ਕਿ ਇਨਾਂ ਪਹਿਲਕਦਮੀਆਂ ਤੋਂ ਇਲਾਵਾ ਪੰਜਾਬ ਪਹਿਲਾ ਸੂਬਾ ਹੈ ਜਿਸਨੇ ਯੂਨੀਟੇਡ, ਹੈੱਡ, ਫਾਈਂਡ ਅਤੇ ਸੀ.ਐਚ.ਏ.ਆਈ. ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਐਚ.ਆਈ.ਵੀ. ਤੋਂ ਪ੍ਰਭਾਵਿਤ ਲੋਕਾਂ ਦਾ ਇਲਾਜ ਸ਼ੁਰੂ ਕੀਤਾ ਹੈ। ਇਸ ਮੁਹਿੰਮ ਤਹਿਤ ਹੁਣ ਤੱਕ 80 ਫੀਸਦੀ ਪ੍ਰਭਾਵਿਤ ਮਰੀਜ਼ਾਂ ਦਾ ਟੈਸਟ ਕੀਤਾ ਜਾ ਚੁੱਕਾ ਹੈ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਸਬ ਡਵੀਜ਼ਨ ਹਸਪਤਾਲ ਬਟਾਲਾ ਵਿਖੇ ਟੈਸਟਿੰਗ ਤੇ ਇਲਾਜ ਦੀ ਸੁਵਿਧਾ ਸ਼ੁਰੂ ਕੀਤੀ ਜਾ ਰਹੀ ਹੈ।ਇਸ ਉਪਰਾਲੇ ਨਾਲ ਲੋਕਾਂ ਨੂੰ ਵੱਡੇ ਪੱਧਰ ’ਤੇ ਰਾਹਤ ਪਹੁੰਚੇਗੀ ਅਤੇ ਹੈਪੇਟਾਈਟਸ ਤੋਂ ਪ੍ਰਭਾਵਿਤ ਮਰੀਜ਼ਾਂ ਲਈ ਨਵੇਂ ਰਾਹ ਖੁੱਲਣਗੇ।
ਕੈਬਨਿਟ ਮੰਤਰੀ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਾਰੀਆਂ ਪ੍ਰਾਪਤੀਆਂ ਕੇਵਲ ਸਿਹਤ ਕਰਮੀਆਂ ਦੀ ਸਖ਼ਤ ਮਿਹਨਤ ਤੇ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਹੈਪੇਟਾਈਟਸ ਦੀ ਲੜਾਈ ਜਿੱਤ ਰਹੇ ਹਾਂ। ਉਨਾਂ ਕਿਹਾ ਕਿ ਅੱਜ ਪੂਰਾ ਵਿਸ਼ਵ ਕੋਵਿਡ-19 ਦੇ ਨਾਲ ਲੜ ਰਿਹਾ ਹੈ ਅਤੇ ਇਸ ਸਮੇਂ ਨੇ ਸਾਨੂੰ ਸਿਖਾਇਆ ਹੈ ਕਿ ਸਰਕਾਰੀ ਸਿਹਤ ਪ੍ਰਣਾਲੀ ਦਾ ਇੱਕ ਅਹਿਮ ਰੋਲ ਰੋਲ ਹੈ। ਅੱਜ ਇੱਥੇ ਲੋੜ ਹੈ ਕਿ ਸੰਯੁਕਤ ਯਤਨਾਂ, ਸਹਿਯੋਗ ਅਤੇ ਇੱਕਜੁੱਟਤਾ ਨਾਲ ਮੌਜੂਦਾ ਸਿਹਤ ਸੰਭਾਲ ਪ੍ਰਣਾਲੀ ਦੀ ਸੁਚਾਰੂ ਵਰਤੋਂ ਕਰਦੇ ਹੋਏ ਵੱਖ ਵੱਖ ਚੱਲ ਰਹੇ ਸਿਹਤ ਪ੍ਰੋਗਰਾਮਾਂ ਵਿੱਚ ਨਿਰੰਤਰ ਤਾਲਮੇਲ ਬਣਾਉਣ ਦੀ ਲੋੜ ਹੈ ਤਾਂ ਜੋ ਲੋੜਵੰਦ ਲੋਕਾਂ ਨੂੰ ਸਮੇਂ ਅਨੁਸਾਰ ਸਾਰੀਆਂ ਸਿਹਤ ਸੇਵਾਵਾਂ ਮੁਹੱਈਆ ਹੋ ਸਕਣ।
ਸ. ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਪੀ.ਜੀ.ਆਈ. ਅਤੇ ਸੀ.ਐਚ.ਏ.ਆਈ. ਦੇ ਸਹਿਯੋਗ ਨਾਲ ਇੱਕ ਰਿਸਰਚ ਪ੍ਰਾਜੈਕਟ ਸ਼ੁਰੂ ਕਰਨ ਜਾ ਰਹੀ ਹੈ ਤਾਂ ਜੋ ਹੈਪੇਟਾਈਟਸ ਦੇ ਨਾਲ ਸਬੰਧਤ ਜੋਖਿਮ ਤੱਥਾਂ ਨੂੰ ਸਹੀ ਤਰੀਕੇ ਨਾਲ ਸਮਝਿਆ ਜਾ ਸਕੇ। ਉਨਾਂ ਕਿਹਾ ਕਿ ਅਗਲੇ 18 ਮਹੀਨਿਆਂ ਵਿੱਚ ਮਾਹਿਰ ਆਪਣੀ ਰਿਸਰਚ ਦੀ ਰਿਪੋਰਟ ਪੇਸ਼ ਕਰਨਗੇ ਤਾਂ ਜੋ ਜੋਖ਼ਮ ਤੱਥਾਂ ਨੂੰ ਕਾਬੂ ਕੀਤਾ ਜਾ ਸਕੇ। ਉਨਾਂ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਵਿੱਚ ਹੈਪੇਟਾਈਟਸ ਸੀ ਨੂੰ ਜੜੋ ਖਤਮ ਕਰਨ ਲਈ ਮੀਲ ਪੱਥਰ ਸਾਬਤ ਹੋਵੇਗੀ। ਉਨਾਂ ਕਿਹਾ ਪੰਜਾਬ ਸਰਕਾਰ ਹੈਪੇਟਾਈਟਸ ਮੁਕਤ ਭਵਿੱਖ ਨੂੰ ਹਾਸਲ ਕਰਨ ਲਈ ਸਾਰਿਆਂ ਦੇ ਸਹਿਯੋਗ ਨਾਲ ਇਹ ਮੁਹਿੰਮ ਚਲਾਉਣ ਲਈ ਵਚਨਬੱਧ ਹੈ।
ਇਸ ਮੌਕੇ ਸਿਹਤ ਮੰਤਰੀ ਅਤੇ ਮੁੱਖ ਵਧੀਕ ਸਕੱਤਰ ਸਿਹਤ ਸ੍ਰੀ ਅਨੁਰਾਗ ਅਗਰਵਾਲ ਵੱਲੋਂ ਹੈਪੇਟਾਈਟਸ ਸੀ ਦੀਆਂ ਪ੍ਰਾਪਤੀਆਂ ਸਬੰਧੀ ਪੋਸਟਰ ਤੇ ਪੈਂਫਲੇਟ ਆਦਿ ਵੀ ਜਾਰੀ ਕੀਤੇ ਗਏ। ਇਸ ਮੌਕੇ ਐਮ.ਡੀ. ਐਨ.ਐਚ.ਐਮ. ਸ੍ਰੀ ਕੁਮਾਰ ਰਾਹੁਲ, ਐਮ.ਡੀ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ੍ਰੀਮਤੀ ਤਨੁ ਕਸ਼ਿਅਪ, ਸਟੇਟ ਪੋ੍ਰਗਰਾਮ ਹੈਪੇਟਾਈਟਸ ਸੀ, ਅਫ਼ਸਰ ਡਾ. ਗਗਨਦੀਪ ਗਰੋਵਰ ਵੀ ਹਾਜ਼ਰ ਸਨ।
———–