ਪਲਾਜ਼ਮਾ ਦਾਨ ਕਰਨ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ-ਪਲਾਜ਼ਮਾ ਦਾਨੀ -ਕੋਵਿਡ ਮਰੀਜ ਠੀਕ ਹੋਣ ਦੇ ਚਾਰ ਹਫ਼ਤਿਆਂ ਬਾਅਦ ਦਾਨ ਕਰ ਸਕਦੇ ਹਨ ਪਲਾਜ਼ਮਾ
ਕੋਵਿਡ ਦੀ ਜੰਗ ਜਿੱਤ ਕੇ ਪਲਾਜ਼ਮਾ ਦਾਨ ਕਰਨ ਵਾਲਿਆਂ ਵੱਲੋਂ ਹੋਰਨਾਂ ਨੂੰ ਵੀ ਪਲਾਜ਼ਮਾ ਦਾਨ ਕਰਨ ਦਾ ਸੱਦਾ
-ਸਰੀਰ ‘ਚ ਐਂਟੀ ਬਾਡੀਜ਼ ਵਿਕਸਤ ਹੋਣ ਦੇ ਅਗਲੇ 4 ਮਹੀਨੇ ਤੱਕ ਪਲਾਜ਼ਮਾ ਦਾਨ ਕਰ ਸਕਦਾ ਹੈ ਕੋਵਿਡ ਜੰਗ ਜੇਤੂ-ਡਾ. ਰਜਨੀ ਬਸੀ
ਨਿਊਜ਼ ਪੰਜਾਬ
ਪਟਿਆਲਾ, 26 ਜੁਲਾਈ: ਇੱਥੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਹਾਲ ਹੀ ਦੌਰਾਨ ਸਥਾਪਤ ਕੀਤੇ ਗਏ ਪਲਾਜ਼ਮਾ ਬੈਂਕ ਵਿਖੇ ਆਪਣਾ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਏ ਕੋਵਿਡ ਜੰਗ ਜੇਤੂਆਂ ਨੇ ਹੋਰਨਾਂ ਠੀਕ ਹੋਣ ਵਾਲੇ ਕੋਰੋਨਾ ਮਰੀਜਾਂ ਨੂੰ ਵੀ ਆਪਣਾ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਹੈ।
ਪੰਜਾਬ ਸਰਕਾਰ ਨੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਦਾ ਇਹ ਪਲਾਜ਼ਮਾ ਬੈਂਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ-19 ਵਿਰੁੱਧ ਵਿੱਢੀ ਜੰਗ ‘ਮਿਸ਼ਨ ਫ਼ਤਿਹ’ ਨੂੰ ਸਫ਼ਲ ਬਣਾਉਣ ਲਈ ਸਥਾਪਤ ਕੀਤਾ ਹੈ।
ਇੱਥੇ ਆਪਣਾ ਪਲਾਜ਼ਮਾ ਦਾਨ ਕਰਨ ਮਗਰੋਂ ਗੱਲਬਾਤ ਕਰਦਿਆਂ ਕੋਵਿਡ ਜੰਗ ਜੇਤੂ ਅਨੀਸ਼ ਗਰਗ ਨੇ ਦੱਸਿਆ ਕਿ 17 ਅਪ੍ਰੈਲ ਨੂੰ ਉਸਦਾ ਟੈਸਟ ਕੋਵਿਡ ਪਾਜ਼ਿਟਿਵ ਆਇਆ ਸੀ ਤੇ ਮਈ ਮਹੀਨੇ ਦੇ ਅੱਧ ਤੱਕ ਉਹ ਠੀਕ ਹੋ ਗਿਆ ਸੀ, ਹੁਣ ਜਦੋਂ ਉਸਦੇ ਸਰੀਰ ‘ਚ ਐਂਟੀ ਬਾਡੀਜ਼ ਵਿਕਸਤ ਹੋ ਚੁੱਕੀਆ ਹਨ ਤਾਂ ਉਸਨੇ ਆਪਣਾ ਪਲਾਜ਼ਮਾ ਦਾਨ ਕੀਤਾ ਹੈ।
ਸ੍ਰੀ ਗਰਗ ਨੇ ਕਿਹਾ ਕਿ ਪਲਾਜ਼ਮਾ ਦਾਨ ਕਰਨ ਨਾਲ ਕੋਈ ਸਰੀਰਕ ਕਮਜ਼ੋਰੀ ਨਹੀਂ ਆਉਂਦੀ ਸਗੋਂ ਇੱਕ ਮਾਨਸਿੱਕ ਤਸੱਲੀ ਮਿਲਦੀ ਹੈ ਕਿ ਉਹ ਸਮਾਜ ਦੇ ਕਿਸੇ ਕੰਮ ਆਏ ਹਨ। ਉਨ੍ਹਾਂ ਨੇ ਕੋਵਿਡ ਦੇ ਠੀਕ ਹੋਏ ਮਰੀਜਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣਾ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ।
ਇਸੇ ਤਰ੍ਹਾਂ ਇੱਕ ਹੋਰ ਕੋਵਿਡ ਜੰਗ ਜੇਤੂ ਕ੍ਰਿਸ਼ਨ ਕੁਮਾਰ ਗਾਬਾ ਨੇ ਵੀ ਠੀਕ ਹੋਣ ਤੋਂ ਬਾਅਦ ਆਪਣਾ ਪਲਾਜ਼ਮਾ ਦਾਨ ਕਰਕੇ 15 ਦਿਨਾਂ ਬਾਅਦ ਮੁੜ ਤੋਂ ਪਲਾਜ਼ਮਾ ਦਾਨ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਠੀਕ ਹੋਣ ਵਾਲੇ ਕੋਵਿਡ ਪਾਜਿਟਿਵ ਵਿਅਕਤੀਆਂ ਨੂੰ ਵੀ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ਤਾਂ ਕਿ ਹੋਰ ਕੋਵਿਡ ਪਾਜ਼ਿਟਿਵ ਵਿਅਕਤੀ ਵੀ ਸਿਹਤਯਾਬ ਹੋ ਸਕਣ।
ਇਸੇ ਦੌਰਾਨ ਪਲਾਜ਼ਮਾ ਬੈਂਕ ਦੇ ਨੋਡਲ ਅਫ਼ਸਰ ਡਾ. ਰਜਨੀ ਬਸੀ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ 21 ਤੋਂ ਜ਼ਿਆਦਾ ਵਿਅਕਤੀਆਂ ਦੇ ਐਂਟੀ ਬਾਡੀਜ ਟੈਸਟ ਕੀਤੇ ਹਨ ਤੇ ਹੋਰ ਵੀ ਕੀਤੇ ਜਾ ਰਹੇ ਹਨ ਕਿਉਂਕਿ ਐਂਟੀ ਬਾਡੀਜ 50 ਫੀਸਦੀ ਮਰੀਜਾਂ ‘ਚ ਹੀ ਬਣਦੀਆਂ ਹਨ ਅਤੇ ਇਨ੍ਹਾਂ ‘ਚੋਂ ਵੀ ਉਹ ਹੀ ਆਪਣਾ ਪਲਾਜ਼ਮਾ ਦਾਨ ਕਰਨ ਦੇ ਯੋਗ ਹੁੰਦੇ ਹਨ ਪਰੰਤੂ ਪਲਾਜ਼ਮਾ ਕੇਵਲ ਉਸੇ ਵਿਅਕਤੀ ਦਾ ਲਿਆ ਜਾ ਸਕਦਾ ਹੈ, ਜਿਸ ਦੇ ਸਰੀਰ ‘ਚ ਹੀਮੋਗਲੋਬਿਨ ਦਾ ਪੱਧਰ ਪੂਰਾ ਹੋਵੇ ਅਤੇ ਉਸ ਨੂੰ ਕੋਈ ਹੋਰ ਗੰਭੀਰ ਬਿਮਾਰੀ ਨਾ ਹੋਵੇ।
ਡਾ. ਰਜਨੀ ਨੇ ਦੱਸਿਆ ਕਿ ਕੋਵਿਡ ਮਰੀਜ ਦੇ ਠੀਕ ਹੋਣ ਦੇ 28 ਦਿਨਾਂ ਬਾਅਦ ਸਰੀਰ ‘ਚ ਐਂਟੀ ਬਾਡੀ ਵਿਕਸਤ ਹੋਣ ਮਗਰੋਂ ਸਾਰੇ ਟੈਸਟ ਕਰਕੇ ਪਲਾਜ਼ਮਾ ਲਿਆ ਜਾਂਦਾ ਹੈ ਅਤੇ ਇਹ ਪਲਾਜ਼ਮਾ ਅਗਲੇ 4 ਮਹੀਨੇ ਤੱਕ ਲਿਆ ਜਾ ਸਕਦਾ ਹੈ।
**********
ਫੋਟੋ ਕੈਪਸ਼ਨ- ਕੋਵਿਡ ਜੰਗ ਜੇਤੂ ਵਿਅਕਤੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਪਲਾਜ਼ਮਾ ਬੈਂਕ ਵਿਖੇ ਆਪਣਾ ਪਲਾਜ਼ਮਾ ਦਾਨ ਕਰਦੇ ਹੋਏ।6