ਹਰ ਸਰਜਰੀ ਤੋਂ ਪਹਿਲਾਂ ਕੋਵਿਡ ਟੈਸਟ ਲਾਜਮੀ, ਬਾਹਰੋਂ ਆਉਣ ਵਾਲਿਆਂ ਦੇ ਵੀ ਕਰਵਾਏ ਜਾ ਰਹੇ ਹਨ ਟੈਸਟ-ਮੁੱਖ ਮੰਤਰੀ

ਮਿਸ਼ਨ ਫ਼ਤਿਹ- ਕੈਪਟਨ ਨੂੰ ਪੁੱਛੋ
‘ਕੈਪਟਨ ਨੂੰ ਪੁੱਛੋ’ ਪ੍ਰੋਗਰਾਮ ‘ਚ ਮੁੱਖ ਮੰਤਰੀ ਨੂੰ ਪਟਿਆਲਵੀਆਂ ਨੇ ਪੁੱਛੇ ਦੋ ਸਵਾਲ

ਡਾਕਟਰਾਂ ਵੱਲੋਂ ਹਰ ਸਰਜਰੀ ਤੋਂ ਪਹਿਲਾਂ ਕੋਵਿਡ-19 ਦੇ ਟੈਸਟ ਕੀਤੇ ਜਾਣ ਬਾਰੇ ਪੁੱਛੇ ਜਾਣ ਅਤੇ ਇਹੀ ਟੈਸਟ ਪੰਜਾਬ ‘ਚ ਬਾਹਰੋਂ ਆਉਣ ਵਾਲਿਆਂ ਦੇ ਕਰਨ ਬਾਰੇ ਆਖਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਟੈਸਟ ਨੂੰ ਜਾਇਜ਼ ਠਹਿਰਾਉਂਦਿਆਂ ਇਸ ਨੂੰ ਡਾਕਟਰਾਂ ਅਤੇ ਸਿਹਤ ਅਮਲੇ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਜਰੂਰੀ ਦੱਸਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਟੈਸਟ ਨੂੰ ਲਾਜਮੀ ਕੀਤਾ ਗਿਆ ਪਰੰਤੂ ਇਸਦੇ ਨਾਲ ਹੀ ਸਰਕਾਰ ਵੱਲੋਂ ਬਾਹਰੋਂ ਆਉਣ ਵਾਲਿਆਂ ਦੇ ਵੀ ਟੈਸਟ ਕਰਵਾਏ ਜਾ ਰਹੇ ਹਨ।

ਨਿਊਜ਼ ਪੰਜਾਬ

ਪਟਿਆਲਾ, 25 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਸੂਬੇ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ ਕਰਨ ਮਗਰੋਂ ਅੰਮ੍ਰਿਤਸਰ ਅਤੇ ਫ਼ਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਖੇ ਵੀ ਪਲਾਜ਼ਮਾ ਬੈਂਕ ਸਥਾਪਤ ਕੀਤੇ ਜਾਣਗੇ।
ਮੁੱਖ ਮੰਤਰੀ ਅੱਜ ਸ਼ਾਮ ਕੋਰੋਨਾ ਵਾਇਰਸ ਵਿਰੁੱਧ ਵਿੱਢੀ ਆਪਣੀ ਜੰਗ ‘ਮਿਸ਼ਨ ਫ਼ਤਿਹ’ ਦੌਰਾਨ ਆਪਣੇ ਵਿਸ਼ੇਸ਼ ਫੇਸਬੁਕ ਲਾਈਵ ਪ੍ਰੋਗਰਾਮ ‘ਕੈਪਟਨ ਨੂੰ ਪੁੱਛੋ’ ਦੇ 12ਵੇਂ ਐਡੀਸ਼ਨ ਦੌਰਾਨ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਰਹੇ ਸਨ। ਇਸ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਦੋ ਵਸਨੀਕਾਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਕੇ ਆਸਕ ਕੈਪਟਨ ਪ੍ਰੋਗਰਾਮ ‘ਚ ਹਿੱਸਾ ਲਿਆ।
ਪਟਿਆਲਾ ਦੇ ਰਜਤ ਸਾਹਨੀ ਵੱਲੋਂ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਰਾਜ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ ਕੀਤੇ ਜਾਣ ਲਈ ਵਧਾਈ ਦਿੰਦਿਆਂ ਆਪਣਾ ਪਲਾਜ਼ਮਾ ਦਾਨ ਕਰਨ ਲਈ ਆਖਣ ‘ਤੇ ਮੁੱਖ ਮੰਤਰੀ ਨੇ ਕੋਵਿਡ-19 ਦੀ ਜੰਗ ਜਿੱਤ ਚੁੱਕੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਕੋਵਿਡ ਦੇ ਗੰਭੀਰ ਮਰੀਜਾਂ ਨੂੰ ਜੇਤੂ ਬਣਾਉਣ ਲਈ ਆਪਣਾ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ।
ਮੁੱਖ ਮੰਤਰੀ ਨੇ ਕਿਹਾ ਕਿ 9000 ਨੂੰ ਕੋਵਿਡ ਹੋਇਆ ਸੀ, ਜਿਸ ‘ਚੋਂ ਉਨ੍ਹਾਂ ਹੀ ਵਿਅਕਤੀਆਂ ਦਾ ਪਲਾਜ਼ਮਾ ਦਾਨ ਕਰਵਾਇਆ ਜਾ ਸਕਦਾ ਹੈ, ਜਿਨ੍ਹਾਂ ਦੇ ਸਰੀਰ ‘ਚ ਐਂਟੀ ਬਾਡੀਜ਼ ਬਣ ਜਾਦਾ ਹੈ, ਇਸ ਤਰ੍ਹਾਂ 40 ਕੁ ਫੀਸਦੀ 3600 ਵਿਅਕਤੀਆਂ ਦਾ ਪਲਾਜ਼ਮਾ ਦਾਨ ਕਰਵਾਇਆ ਜਾ ਸਕਦਾ ਹੈ।
ਇਸ ਦੌਰਾਨ ਸਮਾਣਾ ਦੇ ਸ਼ੰਕਰ ਜਿੰਦਲ ਵੱਲੋਂ ਪੰਜਾਬ ‘ਚ ਡਾਕਟਰਾਂ ਵੱਲੋਂ ਹਰ ਸਰਜਰੀ ਤੋਂ ਪਹਿਲਾਂ ਕੋਵਿਡ-19 ਦੇ ਟੈਸਟ ਕੀਤੇ ਜਾਣ ਬਾਰੇ ਪੁੱਛੇ ਜਾਣ ਅਤੇ ਇਹੀ ਟੈਸਟ ਪੰਜਾਬ ‘ਚ ਬਾਹਰੋਂ ਆਉਣ ਵਾਲਿਆਂ ਦੇ ਕਰਨ ਬਾਰੇ ਆਖਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਟੈਸਟ ਨੂੰ ਜਾਇਜ਼ ਠਹਿਰਾਉਂਦਿਆਂ ਇਸ ਨੂੰ ਡਾਕਟਰਾਂ ਅਤੇ ਸਿਹਤ ਅਮਲੇ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਜਰੂਰੀ ਦੱਸਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਟੈਸਟ ਨੂੰ ਲਾਜਮੀ ਕੀਤਾ ਗਿਆ ਪਰੰਤੂ ਇਸਦੇ ਨਾਲ ਹੀ ਸਰਕਾਰ ਵੱਲੋਂ ਬਾਹਰੋਂ ਆਉਣ ਵਾਲਿਆਂ ਦੇ ਵੀ ਟੈਸਟ ਕਰਵਾਏ ਜਾ ਰਹੇ ਹਨ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁਕ ਲਾਇਵ ਪ੍ਰੋਗਰਾਮ ਦੌਰਾਨ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਜਨਤਕ ਥਾਵਾਂ ‘ਤੇ ਨਾ ਥੁੱਕਣ, ਮਾਸਕ ਪਾਉਣ, ਆਪਸੀ ਦੂਰੀ ਰੱਖਣ, ਏ.ਸੀ. ਕਮਰਿਆਂ ‘ਚ ਸਾਫ਼ ਹਵਾ ਦਾ ਪ੍ਰਬੰਧ ਕਰਨ ਸਮੇਤ ਹੱਥ ਵਾਰ-ਵਾਰ ਧੋਹਣ ਦੇ ਸੁਰੱਖਿਆ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਅਪੀਲ ਵੀ ਕੀਤੀ।