ਤਰਨ ਤਾਰਨ – ਪੰਜਾਬ ਸਰਕਾਰ ਨੇ “ਮਿਸ਼ਨ ਯੋਧੇ” ਮੁਹਿੰਮ ਨੂੰ ਦੋ ਮਹੀਨੇ ਲਈ ਹੋਰ ਵਧਾਇਆ-ਡਿਪਟੀ ਕਮਿਸ਼ਨਰ
ਜ਼ਿਲ੍ਹਾ ਵਾਸੀਆਂ ਨੂੰ ਦੋ ਮਹੀਨਿਆਂ ਲਈ ਵਧਾਏ ਗਏ ‘ਮਿਸ਼ਨ ਯੋਧੇ’ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਕੀਤੀ ਅਪੀਲ
ਨਿਊਜ਼ ਪੰਜਾਬ
ਤਰਨ ਤਾਰਨ, 21 ਜੁਲਾਈ : ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕਤਾ ਲਈ ਚਲਾਈ ਗਈ ‘ਮਿਸ਼ਨ ਯੋਧੇ’ ਮੁਹਿੰਮ ਨੂੰ ਮਿਲੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮੁਹਿੰਮ ਨੂੰ ਹੋਰ ਦੋ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਅਗਲੇ ਪੜਾਅ ਵਜੋਂ ਡਾਇਮੰਡ ਸਰਟੀਫਿਕੇਟ ਦਾ ਐਲਾਨ ਵੀ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੋ ਮਹੀਨਿਆਂ ਲਈ ਵਧਾਏ ‘ਮਿਸ਼ਨ ਯੋਧੇ’ ਮੁਕਾਬਲੇ ਵਿੱਚ ਹਿੱਸਾ ਲੈਣ ਤਾਂ ਜੋ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਚੁੱਕੇ ਜਾ ਰਹੇ ਰੋਕਥਾਮ ਉਪਾਵਾਂ ਬਾਰੇ ਸੰਵੇਦਨਸ਼ੀਲ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ 100 ਮਿਸ਼ਨ ਯੋਧਿਆਂ ਨੂੰ 16 ਜੁਲਾਈ ਤੱਕ ਮੁਕਾਬਲਾ ਜਿੱਤਣ ਲਈ ਗੋਲਡ ਸਰਟੀਫਿਕੇਟ ਦਿੱਤਾ ਜਾ ਚੁੱਕਾ ਹੈ। ਇਸ ਮੁਕਾਬਲੇ ਵਿੱਚ 3.2 ਲੱਖ ਲੋਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਸ ਵਧਾਈ ਹੋਈ ਮੁਹਿੰਮ ਵਿੱਚ ਗੋਲਡ ਸਰਟੀਫਿਕੇਟ ਜੇਤੂ ਹੋਰ ਗੋਲਡ, ਸਿਲਵਰ ਜਾਂ ਬਰੌਂਜ (ਸੋਨੇ, ਚਾਂਦੀ ਤੇ ਕਾਂਸੀ) ਸਰਟੀਫਿਕੇਟ ਜਿੱਤਣ ਲਈ ਯੋਗ ਨਹੀਂ ਹੋਣਗੇ ਪਰ ਉਹ ਡਾਇਮੰਡ ਸਰਟੀਫਿਕੇਟ ਜਿੱਤਣ ਲਈ ਇਸ ਮੁਕਾਬਲੇ ਵਿੱਚ ਅੱਗੇ ਹਿੱਸਾ ਲੈ ਸਕਣਗੇ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਜਾਗਰੂਕਤਾ ਮੁਹਿੰਮ ਤਹਿਤ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਵੱਖ-ਵੱਖ ਵਿਭਾਗਾਂ, ਗੈਰ ਸਰਕਾਰੀ ਸੰਗਠਨਾਂ, ਦਾਨੀ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਜਾਗਰੂਕਤਾ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਦਾ ਟੀਚਾ ਮਾਸਕ ਪਹਿਨਣ, ਹੱਥ ਧੋਣ, ਸਮਾਜਿਕ ਵਿੱਥ ਦੀ ਪਾਲਣਾ, ਵੱਡਿਆਂ ਦੀ ਸੰਭਾਲ ਕਰਨ, ਆਪਣੇ ਇਲਾਕੇ ਵਿੱਚ ਬਾਹਰੀ ਲੋਕਾਂ ਦੇ ਦਾਖਲੇ ’ਤੇ ਚੌਕਸੀ ਰੱਖਣੀ, ਮਹਾਂਮਾਰੀ ਤੋਂ ਪੀੜਤ ਮਰੀਜਾਂ ਨੂੰ ਲੱਭਣ ਲਈ ਕੋਵਾ ਐਪ ਦੀ ਵਰਤੋਂ ਕਰਨੀ ਅਤੇ ਉਨਾਂ ਕੋਲੋਂ ਸੁਰੱਖਿਅਤ ਵਿੱਥ ਬਣਾਏ ਰੱਖਣ ਲਈ ਜਾਗਰੂਕ ਕਰਨਾ ਹੈ।
————–