ਪ੍ਰਤੀਯੋਗੀ ਵਿਦਿਆਰਥੀ 20 ਤੋਂ 24 ਜੁਲਾਈ ਤੱਕ ਆਪਣੀ ਪੇਸ਼ਕਾਰੀ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ `ਤੇ ਕਰ ਸਕਦੇ ਹਨ ਅਪਲੋਡ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲਿਆਂ ਤਹਿਤ ਗੀਤ-ਗਾਇਨ ਪ੍ਰਤੀਯੋਗਤਾ ਅੱਜ (20 ਜੁਲਾਈ) ਤੋਂ
News Punjab
ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ 20410 ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ
ਨਿਊਜ਼ ਪੰਜਾਬ
ਤਰਨ ਤਾਰਨ, 19 ਜੁਲਾਈ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ `ਚ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੀ ਦੂਸਰੀ ਪ੍ਰਤੀਯੋਗਤਾ ਗੀਤ-ਗਾਇਨ 20 ਜੁਲਾਈ ਤੋਂ ਆਰੰਭ ਹੋਵੇਗੀ।
ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ `ਚ ਇੰਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਸ਼ਬਦ ਗਾਇਨ ਪ੍ਰਤੀਯੋਗਤਾ ਨਾਲ ਹੋਈ ਹੈ।ਜਿੰਨ੍ਹਾਂ ਵਿੱਚ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ 20410 ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ `ਚ ਹਿੱਸਾ ਲਿਆ।
ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀ ਸਤਨਾਮ ਸਿੰਘ ਬਾਠ ਅਤੇ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ੍ਰੀ ਵਰਿੰਦਰ ਕੁਮਾਰ ਪਰਾਸ਼ਰ ਨੇ ਦੱਸਿਆ ਕਿ ਰਾਜ ਸਿੱਖਿਆ, ਸਿਖਲਾਈ ਤੇ ਖੋਜ ਪ੍ਰੀਸ਼ਦ ਵੱਲੋਂ ਕਰਵਾਏ ਜਾ ਰਹੇ, ਇੰਨ੍ਹਾਂ ਸਕੂਲ ਪੱਧਰ ਦੇ ਗੀਤ ਗਾਇਨ ਮੁਕਾਬਲਿਆਂ `ਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ ਵਿਦਿਆਰਥੀ 20 ਤੋਂ 24 ਜੁਲਾਈ ਰਾਤ 12 ਵਜੇ ਤੱਕ ਆਪਣੀ ਪੇਸ਼ਕਾਰੀ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ `ਤੇ ਅਪਲੋਡ (ਪਬਲਿਕ ਲਈ) ਕਰ ਸਕਦੇ ਹਨ। ਪ੍ਰਤੀਯੋਗੀ ਆਪਣੇ ਨਾਲ ਵੱਧ ਤੋਂ ਵੱਧ ਦੋ ਸਜ਼ਿੰਦੇ ਰੱਖ ਸਕਦਾ ਹੈ। ਸਾਰੇ ਵਰਗਾਂ ਦੇ ਪ੍ਰਤੀਯੋਗੀ 3 ਤੋਂ 5 ਮਿੰਟ `ਚ ਗੀਤ ਗਾਇਨ ਕਰਕੇ, ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ। ਗੀਤ ਪੂਰੀ ਤਰ੍ਹਾਂ ਗੁਰ ਮਰਿਆਦਾ ਤੇ ਨਿਯਮਾਂ ਅਨੁਸਾਰ ਸ੍ਰੀ ਗੁਰੁ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ, ਜੀਵਨ, ਸਿਧਾਂਤਾਂ, ਉਦੇਸ਼ਾਂ, ਉਸਤਤ ਤੇ ਕੁਰਬਾਨੀ `ਤੇ ਅਧਾਰਤ ਪੇਸ਼ ਕੀਤੇ ਜਾਣਗੇ। 25 ਜੁਲਾਈ ਨੂੰ ਵੱਖ-ਵੱਖ ਸਕੂਲਾਂ ਦੇ ਪਹਿਲੇ ਸਥਾਨ `ਤੇ ਰਹਿਣ ਵਾਲੇ ਪ੍ਰਤੀਯੋਗੀਆਂ ਦੀਆਂ ਵੀਡੀਓਜ਼ ਦੇ ਲਿੰਕ ਅਤੇ ਬਾਕੀ ਪ੍ਰਤੀਯੋਗੀਆਂ ਦੇ ਵੇਰਵੇ ਸਬੰਧਤ ਸਕੂਲ ਮੁਖੀ ਤੇ ਅਧਿਆਪਕ ਵਿਭਾਗ ਦੀ ਤਕਨੀਕੀ ਟੀਮ ਵੱਲੋਂ ਦਿੱਤੇ ਗਏ ਗੂਗਲ ਫਾਰਮ `ਚ ਭਰਨਗੇ। ਇਸ ਤੋਂ ਅੱਗੇ ਬਲਾਕ, ਜਿਲ੍ਹਾ ਤੇ ਰਾਜ ਪੱਧਰੀ ਦੇ ਨਤੀਜਿਆਂ ਦੀ ਪ੍ਰਕਿਰਿਆ ਆਰੰਭ ਹੋਵੇਗੀ।
ਇਸ ਮੌਕੇ ਜਿਲ੍ਹਾ ਨੋਡਲ ਅਫਸਰ (ਸੈਕੰਡਰੀ) ਸ੍ਰੀ ਹਰਪਾਲ ਸਿੰਘ ਸੰਧਾਵਾਲੀਆਂ ਤੇ ਜਿਲ੍ਹਾ ਨੋਡਲ ਅਫਸਰ (ਐਲੀਮੈਂਟਰੀ) ਸ੍ਰੀ ਅਨੁਰੂਪ ਬੇਦੀ ਨੇ ਦੱਸਿਆ ਕਿ ਗੀਤ ਗਾਇਨ ਮੁਕਾਬਲੇ ਨੂੰ ਵੀ ਸ਼ਬਦ ਗਾਇਨ ਵਾਂਗ ਹੀ ਵਿਦਿਆਰਥੀਆਂ ਵੱਲੋਂ ਵੱਡਾ ਹੁੰਗਾਰਾ ਮਿਲੇਗਾ।
—————-