ਡਵੀਜ਼ਨਲ ਕਮਿਸ਼ਨਰ ਦੇ ਦਫ਼ਤਰ ਵਿਖੇ ਦਫ਼ਤਰੀ ਫਾਇਲਾਂ ਤੇ ਦਸਤਾਵੇਜ ਰੋਗਾਣੂ ਮੁਕਤ ਕਰਨ ਲਈ ਅਲਟਰਾ ਵਾਇਲਟ ਸਟਰਲਾਈਜ਼ਰ ਭੇਟ

ਨਿਊਜ਼ ਪੰਜਾਬ
ਪਟਿਆਲਾ, 17 ਜੁਲਾਈ: ਪਟਿਆਲਾ ਡਵੀਜਨ ਦੇ ਕਮਿਸ਼ਨ ਸ੍ਰੀ ਚੰਦਰ ਗੈਂਦ ਦੇ ਦਫ਼ਤਰ ਲਈ ਦਫ਼ਤਰੀ ਫਾਇਲਾਂ ਅਤੇ ਹੋਰ ਦਸਤਾਵੇਜਾਂ ਨੂੰ ਅਲਟਰਾਵਾਇਲਟ ਤਕਨੀਕ ਨਾਲ ਰੋਗਾਣੂ ਮੁਕਤ ਕਰਨ ਲਈ ਇੱਕ ਨਿਜੀ ਕੰਪਨੀ ਨੈਮਕੋ ਚੰਡੀਗੜ੍ਹ ਦੇ ਡਾਇਰੈਕਟਰ ਹਿਮਾਂਸ਼ੂ ਖੋਸਲਾ ਨੇ ਨੈਮਬਾਕਸ-2020 ਯੂ.ਵੀ. ਸਟਰਲਾਈਜ਼ਰ ਭੇਟ ਕੀਤਾ ਹੈ।
ਸ੍ਰੀ ਚੰਦਰ ਗੈਂਦ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਜਿੱਥੇ ਹਰ ਕਿਸੇ ਨੂੰ ਖ਼ੁਦ ਅਤੇ ਆਪਣੇ ਆਲੇ-ਦੁਆਲੇ ਨੂੰ ਕੋਵਿਡ-19 ਦੀ ਲਾਗ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਲੋੜ ਹੈ, ਉਥੇ ਹੀ ਸਰਕਾਰੀ ਦਫ਼ਤਰਾਂ ‘ਚ ਆਉਂਦੀਆਂ ਫਾਇਲਾਂ ਨੂੰ ਇੱਕ ਤੋਂ ਜਿਆਦਾ ਵਿਅਕਤੀਆਂ ਦੇ ਹੱਥ ਲੱਗੇ ਹੋਣ ਕਰਕੇ ਲਾਗ ਫੈਲਣ ਦਾ ਖ਼ਦਸ਼ਾ ਹੁੰਦਾ ਹੈ, ਜਿਸ ਕਰਕੇ ਇਨ੍ਹਾਂ ਨੂੰ ਰੋਗਾਣੂ ਮੁਕਤ ਕਰਨਾ ਜਰੂਰੀ ਹੁੰਦਾ ਹੈ।
ਡਵੀਜ਼ਨਲ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਪੂਰੇ ਇਹਤਿਆਤ ਵਰਤਣ। ਉਨ੍ਹਾਂ ਕਿਹਾ ਕਿ ਹਰ ਕੋਈ ਮਾਸਕ ਜਰੂਰ ਪਾਵੇ ਅਤੇ ਆਪਸੀ ਦੂਰੀ ਬਣਾ ਕੇ ਰੱਖਣ ਸਮੇਤ ਇਕੱਠਾਂ ‘ਚ ਜਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਹੱਥ ਵਾਰ-ਵਾਰ ਧੋਂਦੇ ਰਹਿਣਾ ਚਾਹੀਦਾ ਹੈ।