ਆਨਲਾਈਨ ਵਿੱਦਿਅਕ ਮੁਕਾਬਲੇ: ਸਕੂਲ ਸਿੱਖਿਆ ਵਿਭਾਗ ਨੇ ਸਜਾਇਆ ਘਰ-ਘਰ ਮੰਚ ਸ਼ਬਦ ਗਾਇਨ ਮੁਕਾਬਲੇ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਤੋਂ ਮਾਪੇ ਖ਼ੁਸ਼
ਨਿਊਜ਼ ਪੰਜਾਬ
ਪਟਿਆਲਾ 17 ਜੁਲਾਈ: ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਿੱਥੇ ਵੱਖ-ਵੱਖ ਸੰਚਾਰ ਦੇ ਸਾਧਨਾ ਰਾਹੀਂ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ, ਉੱਥੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੀ ਉਚੇਚੇ ਯਤਨ ਕੀਤੇ ਜਾ ਰਹੇ ਹਨ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਸ਼ਬਦ ਗਾਇਨ, ਕਵਿਤਾ ਉਚਾਰਨ, ਭਾਸ਼ਣ , ਸੰਗੀਤਕ ਸਾਜੋ-ਸਮਾਨ ਵਜਾਉਣ, ਪੋਸਟਰ ਮੇਕਿੰਗ, ਪੇਂਟਿੰਗ, ਸਲੋਗਨ ਲਿਖਣ, ਸੁੰਦਰ ਲਿਖਾਈ, ਪੀ ਪੀ ਟੀ ਮੇਕਿੰਗ ਅਤੇ ਦਸਤਾਰਬੰਦੀ ਆਦਿ ਆਨਲਾਈਨ ਮੁਕਾਬਲੇ ਕਰਵਾਏ ਜਾ ਰਹੇ ਹਨ। ਰਾਜ ਸਿੱਖਿਆ, ਸਿਖਲਾਈ ਤੇ ਖੋਜ ਪ੍ਰੀਸ਼ਦ ਪੰਜਾਬ ਦੇ ਡਾਇਰੈਕਟਰ ਜਗਤਾਰ ਸਿੰਘ ਕੂਲੜੀਆ ਦੇਖ-ਰੇਖ ਹੇਠ ਪੂਰੀ ਯੋਜਨਾਬੰਦੀ ਤਹਿਤ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ 6 ਜੁਲਾਈ ਤੋਂ 21 ਦਸੰਬਰ ਤੱਕ ਚੱਲਣਗੇ ਅਤੇ ਇਨ੍ਹਾਂ ਦੀ ਸ਼ੁਰੂਆਤ ਸ਼ਬਦ ਗਾਇਨ ਮੁਕਾਬਲਿਆਂ ਨਾਲ ਹੋ ਚੁੱਕੀ ਹੈ। ਸ਼ਬਦ ਗਾਇਨ ਮੁਕਾਬਲਿਆਂ ਦਾ ਸਕੂਲ ਤੇ ਬਲਾਕ ਪੱਧਰ ਦਾ ਪੜਾਅ ਪੂਰਾ ਹੋ ਚੁੱਕਿਆ ਚੁੱਕਿਆ ਹੈ। ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਪਟਿਆਲਾ ਹਰਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਗੁਰੂ ਸਾਹਿਬਾਨਾਂ ਨੂੰ ਅਦਬ ਅਤੇ ਸਤਿਕਾਰ ਦਿੰਦਿਆਂ ਇਹਨਾਂ ਵਿੱਦਿਅਕ ਮੁਕਾਬਲਿਆਂ ਦਾ ਆਯੋਜਨ ਕਰਨਾ ਇੱਕ ਵੱਖਰੀ ਪਹਿਲਕਦਮੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇਹਨਾਂ ਮੁਕਾਬਲਿਆਂ ਲਈ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਵਿਦਿਆਰਥੀਆਂ ਵੱਲੋਂ ਬੜੇ ਉਤਸ਼ਾਹ ਸਹਿਤ ਨੌਵੀਂ ਪਾਤਸ਼ਾਹੀ ਦੇ ਜੀਵਨ ਸਿਧਾਂਤਾਂ ਅਤੇ ਗੁਰਬਾਣੀ ਨਾਲ ਸਬੰਧਿਤ ਸ਼ਬਦਾਂ ਦਾ ਗਾਇਨ ਗੁਰ ਮਰਯਾਦਾ ਅਨੁਸਾਰ ਕਰਕੇ ਆਨਲਾਈਨ ਸ਼ਬਦ ਗਾਇਨ ਮੁਕਾਬਲੇ ਲਈ ਵਿਭਾਗੀ ਨਿਯਮਾਂ ਅਨੁਸਾਰ ਆਪਣੀਆਂ ਵੀਡੀਓਜ਼ ਭੇਜੀਆਂ ਗਈਆਂ ਹਨ ਅਤੇ ਵਿਭਾਗ ਵੱਲੋਂ ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਅਤੇ ਹਰ ਪ੍ਰਤੀਯੋਗੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਇਸ ਸਬੰਧੀ ਪ੍ਰਿੰ. ਰਜਨੀਸ਼ ਗੁਪਤਾ ਬਹਾਦਰਗੜ੍ਹ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਇਹਨਾਂ ਆਨਲਾਈਨ ਵਿੱਦਿਅਕ ਮੁਕਾਬਲਿਆਂ ਦਾ ਆਯੋਜਨ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਨੈਤਿਕ ਅਤੇ ਉਸਾਰੂ ਪੱਖਾਂ ਨੂੰ ਉਜਾਗਰ ਕਰੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹਨਾਂ ਮੁਕਾਬਲਿਆਂ ਦੀ ਖ਼ਾਸੀਅਤ ਇਹ ਵੀ ਹੈ ਕਿ ਵਿਦਿਆਰਥੀ ਮੁਕਾਬਲਿਆਂ ਸੰਬੰਧੀ ਬਣੀ ਤਕਨੀਕੀ ਕਮੇਟੀ ਅਨੁਸਾਰ ਬਣਾਏ ਨਿਯਮਾਂ ਅਤੇ ਕੋਵਿਡ-19 ਸੰਬੰਧੀ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰ ਤੋਂ ਬੈਠੇ ਹੀ ਹਰ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਆਨਲਾਈਨ ਸੰਚਾਰ ਦੇ ਸਾਧਨਾਂ ਰਾਹੀਂ ਭਾਗੀਦਾਰੀ ਕਰ ਰਹੇ ਹਨ।