ਕਰੋਨਾ ਤੋਂ ਬਚਾਅ ਲਈ ਪਟਿਆਲਾ ਵਾਸੀਆਂ ਦਾ ਹੌਸਲਾ ਵਧਾਉਣ ਲਈ ਅੱਗੇ ਆਏ ਤਿੰਨ ਯੋਧੇ -ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਕਾਰਗਿਲ ਜੰਗ ਦੇ ਯੋਧੇ ਮੇਜਰ ਡੀ.ਪੀ. ਸਿੰਘ, ਐਸ.ਆਈ. ਹਰਜੀਤ ਸਿੰਘ ਨੇ ਫੇਸਬੁੱਕ ਲਾਈਵ ਹੋਕੇ ਆਪਣੇ ਜ਼ਿੰਦਗੀ ਦੇ ਤਜਰਬੇ ਕੀਤੇ ਸਾਂਝੇ

ਮਿਸ਼ਨ ਫ਼ਤਿਹ
-ਤਿੰਨੇ ਯੋਧਿਆਂ ਨੇ ਹੈਪੀ ਡੈਥ ਐਂਡ ਰੀਬਰਥ ਡੇਅ ਕੇਕ ਕੱਟਕੇ ਮਨਾਇਆ
-ਸੂਬੇ ‘ਚ ਅਣਗਿਣਤ ਕਰੋਨਾ ਯੋਧੇ ਲੋਕਾਂ ਦੀ ਹਿਫ਼ਾਜ਼ਤ ਲਈ ਦੇ ਰਹੇ ਹਨ 24 ਘੰਟੇ ਡਿਊਟੀ : ਐਸ.ਐਸ.ਪੀ.
-ਮਿਸ਼ਨ ਫ਼ਤਿਹ ਨੂੰ ਸਫਲ ਬਣਾਉਣ ਲਈ ਸਭ ਦਾ ਸਾਥ ਜ਼ਰੂਰੀ : ਸਿੱਧੂ

ਨਿਊਜ਼ ਪੰਜਾਬ

ਪਟਿਆਲਾ, 15 ਜੁਲਾਈ: ਕਰੋਨਾ ਮਹਾਂਮਾਰੀ ਦੌਰਾਨ ਆਮ ਲੋਕਾਂ ਦਾ ਹੌਂਸਲਾ ਵਧਾਉਣ ਲਈ ਪਟਿਆਲਾ ਪੁਲਿਸ ਨੇ ਮਿਸ਼ਨ ਫ਼ਤਿਹ ਤਹਿਤ ਇਕ ਨਿਵੇਕਲਾ ਉਪਰਾਲਾ ਕੀਤਾ ਹੈ। ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਪਟਿਆਲਾ ਪੁਲਿਸ ਦੇ ਫੇਸਬੁੱਕ ਪੇਜ ਤੋਂ ਅੱਜ ਲਾਈਵ ਹੋਕੇ ਕਾਰਗਿਲ ਜੰਗ ਦੇ ਯੋਧੇ ਮੇਜਰ (ਸੇਵਾਮੁਕਤ) ਡੀ.ਪੀ. ਸਿੰਘ ਅਤੇ ਕਰੋਨਾ ਮਹਾਂਮਾਰੀ ਦੌਰਾਨ ਡਿਊਟੀ ਨਿਭਾੳਂੁਦਿਆਂ ਜ਼ਖ਼ਮੀ ਹੋਏ ਐਸ.ਆਈ ਹਰਜੀਤ ਸਿੰਘ ਨਾਲ ਰਲਕੇ ‘ਹੈਪੀ ਡੈਥ ਐਂਡ ਰੀਬਰਥ ਡੇਅ’ ਮਨਾਇਆ। ਇਸ ਦੇ ਨਾਲ ਹੀ ਇਨ੍ਹਾਂ ਕੋਰੋਨਾਂ ਯੋਧਿਆਂ ਨੇ ਆਪਣੇ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆ ਕਰੋਨਾ ਖ਼ਿਲਾਫ਼ ਜੰਗ ਜਿੱਤਣ ਲਈ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ।
ਆਪਣੇ ਫੇਸਬੁੱਕ ਲਾਈਵ ਦੌਰਾਨ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਮਹਾਂਮਾਰੀ ਦੀ ਗੰਭੀਰਤਾ ਨੂੰ ਸਭ ਤੋਂ ਪਹਿਲਾਂ ਸਮਝਦਿਆਂ ਦੇਸ਼ ‘ਚੋ ਸਭ ਤੋਂ ਪਹਿਲਾਂ ਕਰਫ਼ਿਊ ਲਗਾਕੇ ਜਿਥੇ ਆਪਣੀ ਦੂਰਅੰਦੇਸ਼ੀ ਸੋਚ ਦਾ ਪ੍ਰਗਟਾਵਾਂ ਕੀਤਾ ਉਥੇ ਹੀ ਕਰੋਨਾ ਦੇ ਫੈਲਾਅ ਨੂੰ ਮੁੱਢਲੇ ਸਮੇਂ ਵਿੱਚ ਕਾਫ਼ੀ ਹੱਦ ਤੱਕ ਰੋਕਣ ‘ਚ ਸਫ਼ਲਤਾ ਹਾਸਲ ਕੀਤੀ।
ਐਸ.ਐਸ.ਪੀ. ਨੇ ਕਿਹਾ ਕਿ ਕਰੋਨਾ ‘ਤੇ ਫ਼ਤਿਹ ਪਾਉਣ ਲਈ ਸਾਨੂੰ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰੀਏ। ਉਨ੍ਹਾਂ ਕਿਹਾ ਕਿ ਜ਼ਿੰਦਗੀ ‘ਚ ਵੱਡੇ ਤੋਂ ਵੱਡੇ ਸੰਕਟ ‘ਤੇ ਵੀ ਹੌਸਲੇ ਨਾਲ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਹੁਣ ਸਾਨੂੰ ਅਜਿਹਾ ਹੌਸਲਾ ਦਿਖਾਉਣਾ ਪਵੇਗਾ ਇਸ ਲਈ ਅੱਜ ਦੋ ਅਜਿਹੇ ਯੋਧੇ ਲੋਕਾਂ ਦੀ ਰੂਬਰੂ ਕੀਤੇ ਜਾ ਰਹੇ ਹਨ ਜੋ ਸਾਡੇ ਸਭ ਲਈ ਮਿਸਾਲ ਹਨ।
ਫੇਸਬੁੱਕ ਲਾਈਵ ਦੌਰਾਨ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆ ਦੱਸਿਆ ਕਿ ਸਾਲ 1990 ‘ਚ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਅੱਜ ਵੀ ਉਨ੍ਹਾਂ ਦੇ ਸਰੀਰ ਵਿੱਚ ਗੋਲੀਆਂ ਮੌਜੂਦ ਹਨ ਪਰ ਹੌਸਲੇ ਸਦਕਾ ਉਨ੍ਹਾਂ ਡਿਊਟੀ ਦੌਰਾਨ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੀ ਟੀਮ ਨਾਲ ਡਿਊਟੀ ‘ਤੇ ਤਾਇਨਾਤ ਰਹੇ ਹਨ ਅਤੇ ਹੁਣ ਕਰੋਨਾ ਮਹਾਂਮਾਰੀ ਦੌਰਾਨ ਵੀ ਪਟਿਆਲਾ ਵਾਸੀਆਂ ਦੀ ਸੇਵਾ ਵਿੱਚ 24 ਘੰਟੇ ਡਿਊਟੀ ‘ਤੇ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਸੂਬੇ ‘ਚ ਅਣਗਿਣਤ ਕਰੋਨਾ ਯੋਧੇ ਲੋਕਾਂ ਦੀ ਹਿਫ਼ਾਜ਼ਤ ਲਈ 24 ਘੰਟੇ ਡਿਊਟੀ ਦੇ ਰਹੇ ਹਨ ਪਰ ਮਿਸ਼ਨ ਫ਼ਤਿਹ ਤਾਂ ਹੀ ਸਫਲ ਹੋ ਸਕਦਾ ਹੈ ਜੇਕਰ ਸਾਰੇ ਲੋਕ ਰਲਕੇ ਸਾਥ ਦੇਣ।
ਇਸ ਮੌਕੇ ਕਾਰਗਿਲ ਜੰਗ ਦੇ ਯੋਧੇ ਮੇਜਰ ਡੀ.ਪੀ. ਸਿੰਘ ਨੇ ਆਪਣੇ ਤਜਰਬੇ ਸਾਂਝੇ ਕਰਦਿਆ ਕਿਹਾ ਕਿ ਡੋਗਰਾ ਰੈਜੀਮੈਂਟ 7 ਬਟਾਲੀਅਨ ਵਿੱਚ ਰਹਿ ਕੇ ਕਾਰਗਿਲ ਯੁੱਧ ‘ਚ ਆਪਰੇਸ਼ਨ ਵਿਜੈ ਦੌਰਾਨ ਅਖਨੂਰ ਸੈਕਟਰ ਵਿੱਚ 1999 ਵਿੱਚ ਅੱਜ ਦੇ ਦਿਨ ਹੀ 15 ਜੁਲਾਈ ਨੂੰ ਜਦ ਉਨ੍ਹਾਂ ਦੀ ਉਮਰ 24 ਸਾਲ ਦੀ ਸੀ ਤਾਂ ਬੰਬ ਨਾਲ ਫੱਟੜ ਹੋਣ ਕਾਰਨ ਆਪਣੀ ਇੱਕ ਲੱਤ ਗਵਾ ਲਈ ਸੀ ਪਰ ਹੌਸਲਾ ਨਾ ਹਾਰਦਿਆਂ 2009 ‘ਚ ਦੌੜਨਾ ਸ਼ੁਰੂ ਕੀਤਾ ਅਤੇ 2019 ‘ਚ ਏਸ਼ੀਆ ‘ਚ ਸਕਾਈ ਡਾਈਵਿੰਗ ਕਰਨ ਵਾਲੇ ਪਹਿਲੇ ਵਿਅਕਤੀ ਬਣੇ ਅਤੇ ਨਕਲੀ ਲੱਤ ਨਾਲ ਬਲੇਡ ਰਨਰ ਦਾ ਖ਼ਿਤਾਬ ਜਿੱਤਿਆ।
ਇਸ ਮੌਕੇ ਐਸ.ਆਈ. ਹਰਜੀਤ ਸਿੰਘ ਜਿਨ੍ਹਾਂ ਨੇ ਕਰੋਨਾ ਯੋਧਾ ਵਜੋਂ, ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲੱਗੇ ਕਰਫ਼ਿਊ ਦੌਰਾਨ ਅਮਨ ਕਾਨੂੰਨ ਬਰਕਰਾਰ ਰੱਖਣ ਲਈ ਡਿਊਟੀ ਦੌਰਾਨ ਅਪਣਾ ਹੱਥ ਗਵਾ ਦਿੱਤਾ ਅਤੇ ਬੜੀ ਬਹਾਦਰੀ ਨਾਲ ਆਪ ਆਪਣਾ ਕੱਟਿਆ ਹੋਇਆ ਹੱਥ ਲੈ ਕੇ ਹਸਪਤਾਲ਼ ਪਹੁੰਚੇ, ਹੁਣ ਹੱਥ ਦੁਬਾਰਾ ਕੰਮ ਕਰਨ ਲੱਗ ਗਿਆ ਹੈ, ਨੇ ਆਪਣੇ ਤਜਰਬੇ ਸਾਂਝੇ ਕਰਦਿਆ ਕਿਹਾ ਕਿ ਹੌਸਲੇ ਨਾਲ ਵੱਡੀ ਤੋਂ ਵੱਡੀ ਜੰਗ ਜਿੱਤੀ ਜਾ ਸਕਦੀ ਹੈ ਅਤੇ ਜੇਕਰ ਅਸੀਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਰਹੇ ਅਤੇ ਆਪਣਾ ਹੌਸਲਾ ਬਣਾਈ ਰੱਖਿਆ ਤਾਂ ਅਸੀ ਜਲਦੀ ਹੀ ਕਰੋਨਾ ‘ਤੇ ਜਿੱਤ ਪ੍ਰਾਪਤ ਕਰ ਲਵਾਂਗੇ। ਇਸ ਮੌਕੇ ਤਿੰਨੋਂ ਯੋਧਿਆਂ ਵੱਲੋਂ ਹੈਪੀ ਡੈਥ ਐਂਡ ਰੀਬਰਥ ਡੇਅ ‘ਤੇ ਕੇਕ ਕੱਟਕੇ ਹੌਸਲੇ ਦੀ ਮਿਸਾਲ ਪੈਦਾ ਕੀਤੀ।