ਨਵਾਂਸ਼ਹਿਰ – ਡੀ. ਸੀ ਦਫ਼ਤਰ ਦੀ ਈ-ਮੇਲ ’ਤੇ ਵੀ ਭੇਜੀਆਂ ਜਾ ਸਕਦੀਆਂ ਹਨ ਦਰਖ਼ਾਸਤਾਂ

ਨਿਊਜ਼ ਪੰਜਾਬ
ਨਵਾਂਸ਼ਹਿਰ, 15 ਜੁਲਾਈ : ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਆਉਣ ਵਾਲੀਆਂ ਦਰਖ਼ਾਸਤਾਂ ਜਾਂ ਪੱਤਰ ਡੀ. ਸੀ ਦਫ਼ਤਰ ਦੇ ਈ-ਮੇਲ ਪਤੇ ’ਤੇ ਵੀ ਭੇਜੇ ਜਾ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਦੇ ਮੱਦੇਨਜ਼ਰ ਲੋਕਾਂ ਨੂੰ ਆਪਣੇ ਕੰਮਾਂ ਲਈ ਡਿਪਟੀ ਕਮਿਸ਼ਨਰ ਦਫ਼ਤਰ ਆਉਣ ਦੀ ਲੋੜ ਨਹੀਂ ਹੈ ਅਤੇ ਉਹ ਆਪਣੀਆਂ ਦਰਸਖਾਸਤਾਂ ਜਾਂ ਪੱਤਰ ਦਫ਼ਤਰ ਦੇ ਈ-ਮੇਲ ਪਤੇ  dc.nsr@punjab.gov.in   ਉੱਤੇ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਭੇਜੀਆਂ ਗਈਆਂ ਦਰਖ਼ਾਸਤਾਂ ’ਤੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਡੀ. ਏ. ਸੀ ਕੰਪਲੈਕਸ ਵਿਚ ਗਰਾਊਂਡ ਫਲੋਰ ’ਤੇ ਬਣੇ ਰਿਸੈਪਸ਼ਨ ਕਾਊਂਟਰ ’ਤੇ ਵੀ ਦਰਖ਼ਾਸਤਾਂ ਜਾਂ ਪੱਤਰ ਪ੍ਰਾਪਤ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਪਬਲਿਕ ਡੀਲਿੰਗ ਸਬੰਧੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਰਕਾਰੀ ਕਰਮਚਾਰੀ ਤੇ ਅਧਿਕਾਰੀ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਵਿਚ ਲੱਗੇ ਹੋਏ ਹਨ ਅਤੇ ਇਹ ਬਿਮਾਰੀ ਉਨ੍ਹਾਂ ਵਿਚ ਵੀ ਫੈਲਣ ਲੱਗ ਪਈ ਹੈ। ਅਜਿਹੇ ਵਿਚ ਹੁਣ ਸਮਾਜਿਕ ਵਿੱਥ ਬਣਾਏ ਰੱਖਣਾ ਬੇਹੱਦ ਜ਼ਰੂਰੀ ਹੋ ਗਿਆ ਹੈ।  ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਦਫ਼ਤਰਾਂ ਸਮੇਤ ਭੀੜ ਵਾਲੇ ਜਨਤਕ ਸਥਾਨਾਂ ’ਤੇ ਜਾਣ ਤੋਂ ਗੁਰੇਜ ਕਰਨ।