ਸ਼ਹਿਰਵਾਸੀਆਂ ਦੇ ਹਿੱਤ ਲਈ ਸਰਕਾਰੀ ਦਫ਼ਤਰਾਂ ਵਿੱਚ ਪਬਲਿਕ ਡੀਲਿੰਗ ਬੰਦ – ਹੁਣ ਜ਼ਿਲ੍ਹੇ ਵਿੱਚ ਕੋਈ ਵੀ ਕੰਟੇਨਮੈਂਟ ਜੋਂਨ ਨਹੀਂ, ਸਿਰਫ 7 ਮਾਈਕਰੋ ਕੰਟੇਨਮੈਂਟ ਜੋਨ – ਡਿਪਟੀ ਕਮਿਸ਼ਨਰ

ਜ਼ਿਲ੍ਹਾ ਪ੍ਰਸਾਸ਼ਨ ਨੂੰ ਸਵਾਲ-
ਸ਼ਹਿਰਵਾਸੀਆਂ ਦੇ ਹਿੱਤ ਲਈ ਸਰਕਾਰੀ ਦਫ਼ਤਰਾਂ ਵਿੱਚ ਪਬਲਿਕ ਡੀਲਿੰਗ ਬੰਦ
ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਫੇਸਬੁੱਕ ਲਾਈਵ ਸੈਸ਼ਨ ਦੁਆਰਾ ਹੋਏ ਸ਼ਹਿਰ ਵਾਸੀਆਂ ਦੇ ਰੂ-ਬਰੂ
ਲੋਕਾਂ ਨੂੰ ਸਾਰੀਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ – ਪੁਲਿਸ ਕਮਿਸ਼ਨਰ

ਨਿਊਜ਼ ਪੰਜਾਬ

ਲੁਧਿਆਣਾ, 15 ਜੁਲਾਈ  – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਵੱਲੋਂ ਸ਼ਹਿਰ ਵਾਸੀਆਂ ਨੂੰ ਕੋਵਿਡ-19 ਨਾਲ ਸਬੰਧਤ  ‘ਜ਼ਿਲ੍ਹਾ ਪ੍ਰਸਾਸ਼ਨ ਨੂੰ ਸਵਾਲ’ ਪ੍ਰੋਗਰਾਮ ਤਹਿਤ ਫੇਸਬੁੱਕ ਲਾਈਵ ਸੈਸ਼ਨ ਦਾ ਆਯੋਜਨ ਕੀਤਾ ਗਿਅ। ਇਸ ਸੈਸ਼ਨ ਦੌਰਾਨ ਦੋਵਾਂ ਸੀਨੀਅਰ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਜ਼ਿਲ੍ਹੇ ਵਿੱਚ ਕੋਵਿਡ-19 ਦੇ ਪੋਜ਼ਟਿਵ ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਵਸਨੀਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਕੰਮ ਲਈ ਸਰਕਾਰੀ ਦਫ਼ਤਰਾਂ ਵਿੱਚ ਨਾ ਜਾਣ ਅਤੇ ਇਸ ਦੀ ਬਜਾਏ ਉਨ੍ਹਾਂ ਨੂੰ ਆਪਣੀਆਂ ਦਰਖ਼ਾਸਤਾਂ/ਸ਼ਿਕਾਇਤਾਂ/ਯਾਦ ਪੱਤਰਾਂ ਨੂੰ ਈ-ਮੇਲ/ਵਟਸਐਪ/ਫੋਨ ਰਾਹੀਂ ਹੀ ਜਮ੍ਹਾਂ ਕਰਾਉਣ। ਸ੍ਰੀ ਸ਼ਰਮਾ ਨੇ ਕਿਹਾ ਸ਼ਹਿਰ ਵਾਸੀਆਂ ਦੀ ਮੁਸਿਕਲਾਂ ਦਾ ਹੱਲ ਵੀ ਜਰੂਰੀ ਹੈ ਪਰ ਲੋਕਾਂ ਦੇ ਹਿੱਤ ਵਿੱਚ ਸਰਕਾਰੀ ਅਧਿਕਾਰੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਵੀ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ। ਉਨ੍ਹਾ ਕਿਹਾ ਕਿ ਹਰ ਦਿਨ ਪੋਜ਼ਟਿਵ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਅਤੇ ਇਸ ਚੇਨ ਨੂੰ ਤੋੜਨਾ ਵੀ ਜ਼ਰੂਰੀ ਹੈ।
ਉਨ੍ਹਾ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਤੱਕ 3 ਕੰਟੇਨਮੈਂਟ ਅਤੇ 9 ਮਾਈਕਰੋ ਕੰਟੇਨਮੈਂਟ ਜੋਨ ਸਨ, ਪਰ ਪੁਲਿਸ ਕਮਿਸ਼ਨਰ ਅਤੇ ਸਿਵਲ ਸਰਜਨ ਨਾਲ ਵਿਚਾਰ ਵਟਾਦਰੇ ਤੋਂ ਬਾਅਦ ਹੁਣ ਜ਼ਿਲੇ ਵਿੱਚ ਕੋਈ ਕੰਟੇਨਮੈਂਟ ਜੋਨ ਨਹੀਂ ਹੈ ਅਤੇ ਸਿਰਫ 7 ਮਾਈਕਰੋ ਕੰਟੇਨਮੈਂਟ ਜੋਨ ਬਾਕੀ ਹਨ।
ਮਾਈਕਰੋ ਕੰਟੇਨਮੈਂਟ ਜ਼ੋਨ ਵਿੱਚ ਫੀਲਡ ਗੰਜ ਦਾ ਕੂਚਾ ਨੰਬਰ 5, ਵਿਜੇ ਨਗਰ ਵਿੱਚ ਗਲੀ ਨੰਬਰ 3, ਜੀ.ਕੇ. ਅਸਟੇਟ ਵਿੱਚ ਬਲਾਕ-ਬੀ ਅਤੇ ਸੀ, ਲੱਕੀ ਹੇਅਰ ਡ੍ਰੈਸਰ ਤੋਂ ਲੈ ਕੇ ਆਰ.ਐਸ.ਮਾਡਲ ਸਕੂਲ ਤੱਕ ਨਵੀ ਅਬਾਦੀ ਖੰਨਾ ਵਿੱਚ, ਕਿਦਵਈ ਨਗਰ ਵਿੱਚ ਮਕਾਨ ਨੰਬਰ 37 ਤੋਂ 76 ਤੱਕ, ਮਕਾਨ ਨੰਬਰ 161 ਤੋਂ 209 ਤੱਕ ਜਨਪਥ ਕਲੋਨੀ ਨੇੜੇ ਅਯਾਲੀ ਅਤੇ  ਸੋਹਲ ਬਿਲਡਿੰਗ ਵਰਕਸ਼ਾਪ ਤੋਂ ਗੈਸ ਏਜੰਸੀ ਗਲੀ ਨੰਬਰ 3 ਗੁਰੂ ਗੋਬਿੰਦ ਸਿੰਘ ਨਗਰ, ਡਾਬਾ ਰੋਡ ਤੱਕ।
ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਹੁਣ  ਤੱਕ ਕੁੱਲ 56 ਪੁਲਿਸ ਅਧਿਕਾਰੀ ਕੋਰੋਨਾ ਪੋਜ਼ਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 28 ਨੇ ਕੋਰੋਨਾ ‘ਤੇ ਜਿੱਤ ਪ੍ਰਾਪਤ ਕਰਕੇ ਡਿਊਟੀ ‘ਤੇ ਹਾਜ਼ਰ ਹੋ ਗਏ ਹਨ ਅਤੇ 27 ਮੁਲਾਜ਼ਮਾਂ ਦਾ ਇਲਾਜ਼ ਚੱਲ ਰਿਹਾ। ਬਦਕਿਸਮਤੀ ਨਾਲ ਇੱਕ ਏ.ਸੀ.ਪੀ. ਦਾ ਦੇਹਾਂਤ ਹੋ ਗਿਆ ਹੈ।
ਉਨ੍ਹਾਂ ਵਿਦੇਸ਼ ਤੋਂ ਆਉਣ ਵਾਲੇ ਵਸਨੀਕਾਂ ਨੂੰ ਸਖ਼ਤੀ ਨਾਲ ਸਰਕਾਰੀ ਹਿਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰੇਲੂ ਇਕਾਂਤਵਾਸ ਦੀ ਉਲੰਘਣਾਂ ਕਰਨ ਵਾਲੇ 2 ਵਿਅਕਤੀਆਂ ‘ਤੇ ਐਫ.ਆਈ.ਆਰ. ਅਤੇ 8 ਵਿਅਕਤੀਆਂ ਦੇ ਚਲਾਨ ਕੱਟੇ ਗਏ, 7 ਐਫ.ਆਈ.ਆਰ. ਸਮਾਜਿਕ ਦੂਰੀ ਨਾ ਬਣਾ ਕੇ ਰੱਖਣ ਲਈ ਅਤੇ ਮਾਸਕ ਨਾ ਪਾਉਣ ਵਾਲੇ 28000 ਵਿਅਕਤੀਆਂ ਦੇ ਚਲਾਨ ਕੱਟੇ ਗਏ। ਉਨ੍ਹਾ ਅਪੀਲ ਕੀਤੀ ਕਿ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਉਲੰਘਣਾਂ ਕਰਨ ਵਾਲਿਆ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ।
ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਲਾਕਡਾਊਨ ਸਥਾਈ ਹੱਲ ਨਹੀਂ ਹੈ ਫੇਰ ਵੀ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਸਾਰਿਆਂ ਦੀ ਸਹਿਯੋਗ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਉਲੰਘਣਾਂ ਕਰਦਾ ਹੈ ਤਾਂ ਤੁਰੰਤ ਪੁਲਿਸ ਕੰਟਰੋਲ ਰੂਮ ਦੇ 112 ਨੰਬਰ ‘ਤੇ ਸੂਚਿਤ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੇ ਇਕੱਠ ‘ਤੇ ਪੂਰਨ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਜਗ੍ਹਾ 5 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ ਅਤੇ ਸਮਾਜਿਕ ਕਾਰਜਾਂ ਜਿਵੇਂ ਕਿ ਜਨਮ ਦਿਨ ਦੀ ਪਾਰਟੀ, ਕਿੱਟੀ ਪਾਰਟੀ ਆਦਿ ਦੇ ਆਯੋਜਨ ‘ਤੇ ਸਖ਼ਤ ਪਾਬੰਦੀ ਹੈ।
ਉਨ੍ਹਾ ਕਿਹਾ ਕਿ ‘ਜ਼ਿਲ੍ਹਾ ਪ੍ਰਸਾਸ਼ਨ ਨੂੰ ਸਵਾਲ’ ਪ੍ਰੋਗਰਾਮ ਦੇ ਤਹਿਤ ਫੇਸਬੁੱਕ ਲਾਈਵ ਸੈਸ਼ਨ ਹਰ ਬੁੱਧਵਾਰ ਨੂੰ ਸ਼ਾਮ 7 ਵਜੇ ਆਯੋਜਿਤ ਕੀਤਾ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਪ੍ਰਸ਼ਨ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਅਧਿਕਾਰਤ ਫੇਸਬੁੱਕ ਪੇਜ਼ ‘ਤੇ ਭੇਜ ਸਕਦੇ ਹਨ।