ਨਿਊਜ਼ ਪੰਜਾਬ
2 ਨਵੰਬਰ,2026
ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਖ਼ਿਲਾਫ਼ ਖੁਰਾਕ ਸੁਰੱਖਿਆ ਵਿਭਾਗ ਅਤੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਖਮਾਣੋਂ ਦੇ ਬਿਲਾਸਪੁਰ ਰੋਡ ’ਤੇ ਇੱਕ ਕਿਰਾਏ ਦੇ ਮਕਾਨ ਵਿੱਚ ਪਿਛਲੇ ਡੇਢ ਸਾਲ ਤੋਂ ਚੱਲ ਰਹੀ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਸਾਂਝੀ ਟੀਮ ਨੇ ਮੌਕੇ ਤੋਂ 2 ਕੁਇੰਟਲ 86 ਕਿਲੋ ਤਿਆਰ ਨਕਲੀ ਘਿਓ, 6 ਕੁਇੰਟਲ ਬਨਸਪਤੀ ਅਤੇ 4 ਕੁਇੰਟਲ 20 ਕਿਲੋ ਸੋਇਆਬੀਨ ਸਮੇਤ ਪੈਕਿੰਗ ਅਤੇ ਸੀਲ ਲਗਾਉਣ ਵਾਲੀਆਂ ਮਸ਼ੀਨਾਂ ਬਰਾਮਦ ਕੀਤੀਆਂ ਹਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਬਨਸਪਤੀ ਤੇਲ, ਕੈਮੀਕਲ ਅਤੇ ਰੰਗਾਂ ਦੀ ਵਰਤੋਂ ਕਰਕੇ ਤਿਆਰ ਕੀਤੇ ਘਿਓ ਨੂੰ ਮਸ਼ਹੂਰ ਬ੍ਰਾਂਡ ਦੇ ਡੱਬਿਆਂ ਵਿੱਚ ਪੈਕ ਕਰਕੇ ਬਾਜ਼ਾਰ ਵਿੱਚ ਸਪਲਾਈ ਕੀਤਾ ਜਾ ਰਿਹਾ ਸੀ। ਅਧਿਕਾਰੀਆਂ ਨੇ ਘਿਓ ਦੇ ਸੈਂਪਲ ਜਾਂਚ ਲਈ ਲੈਬਾਰਟਰੀ ਭੇਜ ਦਿੱਤੇ ਹਨ ਅਤੇ ਫੈਕਟਰੀ ਚਾਲਕ ਖ਼ਿਲਾਫ਼ ਫੂਡ ਸੇਫਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਪੁਲਿਸ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਨਕਲੀ ਘਿਓ ਦੀ ਸਪਲਾਈ ਕਿਹੜੇ-ਕਿਹੜੇ ਸ਼ਹਿਰਾਂ ਅਤੇ ਦੁਕਾਨਾਂ ਤੱਕ ਕੀਤੀ ਜਾ ਰਹੀ ਸੀ।
