ਨਿਊਜ਼ ਪੰਜਾਬ
18 ਅਕਤੂਬਰ,2026
ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਇਨਸਾਫ਼ ਦੀ ਮੰਗ ਨੂੰ ਲੈ ਕੇ ਉਨ੍ਹਾਂ ਦਾ ਪਰਿਵਾਰ ਛੇਵੇਂ ਦਿਨ ਵੀ ਧਰਨੇ ’ਤੇ ਬੈਠਾ ਹੈ। ਪਰਿਵਾਰ ਅਤੇ ਇਨਸਾਫ਼ ਕਮੇਟੀ ਆਪਣੀਆਂ ਮੰਗਾਂ ’ਤੇ ਅੜੇ ਹੋਏ ਹਨ ਅਤੇ ਅਜੇ ਤੱਕ ਝੋਟੇ ਦਾ ਅੰਤਿਮ ਸਸਕਾਰ ਨਹੀਂ ਕੀਤਾ ਗਿਆ। ਇਸ ਦੌਰਾਨ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਝੋਟੇ ਦੇ ਪਰਿਵਾਰ ਦੇ ਹੱਕ ਵਿੱਚ ਆਵਾਜ਼ ਚੁੱਕਦਿਆਂ ਆਪਣੀ ਫ਼ਿਲਮ ‘ਥਾਪੀ’ ਨੂੰ ਹੋਲਡ ਕਰਨ ਦਾ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਪੰਜਾਬ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਲਈ ਪੰਜਾਬ ਤੋਂ ਵੱਧ ਕੁਝ ਵੀ ਨਹੀਂ ਹੈ। ਨੀਰੂ ਬਾਜਵਾ ਨੇ ਸਪੱਸ਼ਟ ਕੀਤਾ ਕਿ ਫ਼ਿਲਮ ਅਗਲੇ ਦਿਨ ਤੋਂ ਕਿਸੇ ਵੀ ਸਿਨੇਮਾਘਰ ਵਿੱਚ ਨਹੀਂ ਚੱਲੇਗੀ ਅਤੇ ਪੰਜਾਬ ਦੇ ਹਾਲਾਤ ਠੀਕ ਹੋਣ ਤੱਕ ਉਹ ਪੰਜਾਬ ਦੇ ਨਾਲ ਰਹਿਣਗੇ। ਉੱਧਰ, ਪੁਲਿਸ ਨੇ ਮੁਲਜ਼ਮ ਅਸ਼ਵਨੀ ਕੁਮਾਰ ਦੀ ਨਿਸ਼ਾਨਦੇਹੀ ’ਤੇ ਲਾਇਸੈਂਸੀ ਪਿਸਤੌਲ ਬਰਾਮਦ ਕਰ ਲਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਨੇ ਵਾਰਦਾਤ ਤੋਂ ਬਾਅਦ ਹਥਿਆਰ ਝੁਨੀਰ ਨੇੜੇ ਇੱਕ ਖੇਤ ਵਿੱਚ ਲੁਕਾਇਆ ਸੀ। ਇਸ ਮਾਮਲੇ ਤੋਂ ਬਾਅਦ ਡਰੱਗ ਕੰਟਰੋਲ ਵਿਭਾਗ ਨੇ ਮਾਨਸਾ ਦੀ ਗਊਸ਼ਾਲਾ ਰੋਡ ਸਥਿਤ ਮਾਨਸਾ ਮੈਡੀਕੋਜ਼ ਨੂੰ ਵੀ ਸੀਲ ਕਰ ਦਿੱਤਾ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਪਰਿਵਾਰ ਦੀਆਂ ਮੰਗਾਂ ਅਤੇ ਇਨਸਾਫ਼ ਦੀ ਅਗਲੀ ਕਾਰਵਾਈ ’ਤੇ ਟਿਕੀਆਂ ਹੋਈਆਂ ਹਨ।
