1984 ਦੇ ਸਿੱਖ ਵਿਰੋਧੀ ਦੰਗਿਆਂ ਦੀਆਂ ਯਾਦਾਂ ਦੇ ਮੱਦੇਨਜ਼ਰ ਦਿਲਜੀਤ ਦੋਸਾਂਝ ਦਾ ਵੱਡਾ ਫੈਸਲਾ, ਦਿੱਲੀ ਸ਼ੋਅ ਦੀ ਤਾਰੀਖ ਬਦਲੀ

ਨਿਊਜ਼ ਪੰਜਾਬ

11 ਅਕਤੂਬਰ,2026

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਆਪਣੇ ਦਿੱਲੀ ਸੰਗੀਤ ਸਮਾਰੋਹ ਦੀ ਤਾਰੀਖ ਬਦਲ ਦਿੱਤੀ ਹੈ। ‘ਔਰਾ ਇੰਡੀਆ ਟੂਰ’ ਤਹਿਤ ਪਹਿਲਾਂ ਇਹ ਸ਼ੋਅ 1 ਨਵੰਬਰ ਨੂੰ ਹੋਣਾ ਸੀ, ਪਰ ਪੰਜਾਬੀ ਪ੍ਰਮੋਸ਼ਨ ਕੌਂਸਲ ਦੀ ਅਪੀਲ ਤੋਂ ਬਾਅਦ ਹੁਣ ਇਹ 30 ਅਕਤੂਬਰ ਨੂੰ ਜੇਐਨਐਨ ਸਟੇਡੀਅਮ ਵਿੱਚ ਕਰਵਾਇਆ ਜਾਵੇਗਾ। ਕੌਂਸਲ ਦੇ ਪ੍ਰਧਾਨ ਜਸਵੰਤ ਸਿੰਘ ਨੇ ਦਿਲਜੀਤ ਅਤੇ ਉਨ੍ਹਾਂ ਦੀ ਟੀਮ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ 1 ਨਵੰਬਰ ਦਾ ਦਿਨ 1984 ਦੇ ਸਿੱਖ ਵਿਰੋਧੀ ਦੰਗਿਆਂ ਦੀਆਂ ਦਰਦਨਾਕ ਯਾਦਾਂ ਨਾਲ ਜੁੜਿਆ ਹੋਇਆ ਹੈ। ਇਸ ਲਈ ਇਸ ਦਿਨ ਸੰਗੀਤ ਸਮਾਰੋਹ ਕਰਵਾਉਣ ਨਾਲ ਪ੍ਰਭਾਵਿਤ ਪਰਿਵਾਰਾਂ ਅਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਦਿਲਜੀਤ ਨੇ ਇਸ ਅਪੀਲ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ੋਅ ਦੀ ਤਾਰੀਖ ਬਦਲਣ ਦਾ ਫੈਸਲਾ ਕੀਤਾ। ਉਨ੍ਹਾਂ ਦੇ ਇਸ ਕਦਮ ਦੀ ਪ੍ਰਸ਼ੰਸਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।