ਨਿਊਜ਼ ਪੰਜਾਬ
8 ਅਕਤੂਬਰ,2026
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਦੁਕਾਨਦਾਰਾਂ ਨੂੰ ਵੱਡੀ ਰਾਹਤ ਦੇਣ ਲਈ ‘ਮੇਰੀ ਦੁਕਾਨ ਮੇਰੇ ਨਾਮ’ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਯੋਜਨਾ ਸਬੰਧੀ ਜਾਣਕਾਰੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਵੱਲੋਂ ਲੰਬੇ ਸਮੇਂ ਤੋਂ ਦੁਕਾਨਾਂ ਦਾ ਮਾਲਕੀ ਹੱਕ ਆਪਣੇ ਨਾਮ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਇਹ ਯੋਜਨਾ ਲਿਆਂਦੀ ਹੈ। ਯੋਜਨਾ ਦਾ ਲਾਭ ਲੈਣ ਲਈ ਯੋਗ ਦੁਕਾਨਦਾਰ 6 ਨਵੰਬਰ ਤੋਂ ਪਹਿਲਾਂ ਅਰਜ਼ੀ ਦੇ ਸਕਣਗੇ। ਦੁਕਾਨਦਾਰ SDM ਦਫ਼ਤਰ, ਨਗਰ ਕੌਂਸਲ ਦਫ਼ਤਰ ਜਾਂ ਨਗਰ ਨਿਗਮ ਦਫ਼ਤਰ ਵਿੱਚ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। ਅਰਜ਼ੀ ਦੇ ਨਾਲ GST ਸਰਟੀਫਿਕੇਟ, ਬਿਜਲੀ ਦਾ ਬਿੱਲ, ਫਰਮ ਦੀ ਰਜਿਸਟ੍ਰੇਸ਼ਨ ਅਤੇ ਹੋਰ ਲੋੜੀਂਦੇ ਦਸਤਾਵੇਜ਼ ਲਗਾਉਣੇ ਹੋਣਗੇ। ਅਰਜ਼ੀ ਮਿਲਣ ਤੋਂ ਬਾਅਦ SDM ਪੱਧਰ ’ਤੇ ਬਣੀ ਕਮੇਟੀ ਵੱਲੋਂ ਦੁਕਾਨਦਾਰ ਦੀ ਯੋਗਤਾ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਦੁਕਾਨ ਦੀ ਕੀਮਤ ਤੈਅ ਕਰਨ ਲਈ SDM ਪੱਧਰ ਅਤੇ DC ਪੱਧਰ ਦੀਆਂ ਪ੍ਰਾਈਸ ਫਿਕਸੇਸ਼ਨ ਕਮੇਟੀਆਂ ਵੱਲੋਂ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਆਖ਼ਰੀ ਮਨਜ਼ੂਰੀ ਲਈ ਸਬੰਧਤ ਨਗਰ ਕੌਂਸਲ, ਨਗਰ ਨਿਗਮ ਜਾਂ ਨਗਰ ਪੰਚਾਇਤ ਦੇ ਹਾਊਸ ਵਿੱਚ ਮਤਾ ਪੇਸ਼ ਕੀਤਾ ਜਾਵੇਗਾ।
ਸਰਕਾਰ ਨੇ ਇਸ ਯੋਜਨਾ ਤਹਿਤ ਆਮਦਨ ਦੇ ਅਧਾਰ ’ਤੇ ਦੁਕਾਨਦਾਰਾਂ ਨੂੰ ਕਲੈਕਟਰ ਰੇਟ ਵਿੱਚ ਵੱਖ-ਵੱਖ ਰਿਆਇਤਾਂ ਦੇਣ ਦਾ ਪ੍ਰਬੰਧ ਕੀਤਾ ਹੈ। 3 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ EWS ਵਰਗ ਦੇ ਦੁਕਾਨਦਾਰਾਂ ਨੂੰ ਕਲੈਕਟਰ ਰੇਟ ਦਾ ਸਿਰਫ਼ 12.5 ਫ਼ੀਸਦੀ, 3 ਲੱਖ ਤੋਂ ਵੱਧ ਅਤੇ 8 ਲੱਖ ਰੁਪਏ ਤੱਕ ਦੀ ਆਮਦਨ ਵਾਲੇ LIG ਵਰਗ ਨੂੰ 25 ਫ਼ੀਸਦੀ ਅਤੇ 8 ਲੱਖ ਤੋਂ 13 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਮਿਡਲ ਇਨਕਮ ਗਰੁੱਪ ਨੂੰ ਕਲੈਕਟਰ ਰੇਟ ਦਾ 50 ਫ਼ੀਸਦੀ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਵੱਧ ਆਮਦਨ ਵਾਲੇ ਦੁਕਾਨਦਾਰਾਂ ਲਈ 100 ਫ਼ੀਸਦੀ ਕਲੈਕਟਰ ਰੇਟ ਲਾਗੂ ਹੋਵੇਗਾ। ਇਸ ਤੋਂ ਇਲਾਵਾ 50 ਵਰਗ ਮੀਟਰ ਤੋਂ ਘੱਟ ਖੇਤਰਫਲ ਵਾਲੀਆਂ ਦੁਕਾਨਾਂ ਲਈ ਵੀ ਰਿਆਇਤੀ ਦਰ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਤਹਿਤ ਕਲੈਕਟਰ ਰੇਟ ਦਾ 50 ਫ਼ੀਸਦੀ ਭੁਗਤਾਨ ਕਰਨਾ ਹੋਵੇਗਾ। ਹਾਲਾਂਕਿ ਉਪ-ਕਿਰਾਏਦਾਰਾਂ ਅਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ। ਸਰਕਾਰ ਦਾ ਕਹਿਣਾ ਹੈ ਕਿ ਇਹ ਯੋਜਨਾ ਲੰਬੇ ਸਮੇਂ ਤੋਂ ਦੁਕਾਨਾਂ ਚਲਾ ਰਹੇ ਯੋਗ ਦੁਕਾਨਦਾਰਾਂ ਨੂੰ ਮਾਲਕੀ ਹੱਕ ਦੇਣ ਵੱਲ ਇੱਕ ਅਹਿਮ ਕਦਮ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਆਪਣੀ ਦੁਕਾਨ ’ਤੇ ਕਾਨੂੰਨੀ ਮਾਲਕੀ ਦਾ ਹੱਕ ਮਿਲਣ ਦਾ ਰਾਹ ਸਾਫ਼ ਹੋਵੇਗਾ।
