LPU ਹਿੰਸਾ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ, 9 ਮੁਲਜ਼ਮ ਗ੍ਰਿਫ਼ਤਾਰ, 20 ਦੀ ਹੋਈ ਪਛਾਣ

ਨਿਊਜ਼ ਪੰਜਾਬ

2 ਅਕਤੂਬਰ,2026

ਪੈਰਾਗ੍ਰਾਫ: ਪੰਜਾਬ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU), ਫਗਵਾੜਾ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ 7 ਵਿਦਿਆਰਥੀ ਅਤੇ 2 ਬਾਹਰੀ ਵਿਅਕਤੀ ਸ਼ਾਮਲ ਹਨ, ਜਦਕਿ ਜਾਂਚ ਦੌਰਾਨ ਕੁੱਲ 20 ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।

ਡੀਆਈਜੀ ਜਲੰਧਰ ਨਵੀਨ ਸਿੰਗਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਫਗਵਾੜਾ ਤੋਂ ਇਲਾਵਾ ਜੰਮੂ ਅਤੇ ਮੁੰਬਈ ਨਾਲ ਸਬੰਧਤ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਯੂਨੀਵਰਸਿਟੀ ਦੇ ਬਾਹਰ ਸਥਾਪਿਤ ਮਿਗ-23UM ਲੜਾਕੂ ਜਹਾਜ਼ ’ਤੇ ਚੜ੍ਹਨ ਵਾਲੇ ਨਾਬਾਲਗ ਵਿਦਿਆਰਥੀ ਦੀ ਵੀ ਸੀਸੀਟੀਵੀ ਫੁਟੇਜ ਰਾਹੀਂ ਪਛਾਣ ਕਰਕੇ ਉਸ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਅਨੁਸਾਰ ਹਿੰਸਾ ਦੌਰਾਨ ਪਥਰਾਅ, ਵਾਹਨਾਂ ਦੀ ਭੰਨਤੋੜ ਅਤੇ ਕੁਝ ਵਾਹਨਾਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਾਪਰੀਆਂ ਸਨ। ਪੁਲਿਸ ਨੇ ਕਿਹਾ ਕਿ ਸ਼ੁਰੂਆਤ ਵਿੱਚ ਲਾਠੀਚਾਰਜ ਨਹੀਂ ਕੀਤਾ ਗਿਆ, ਪਰ ਹਾਲਾਤ ਵਿਗੜਨ ’ਤੇ ਭੀੜ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਗਈ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।