All is Well”…! ਵੀਡੀਓ ਤੋਂ ਬਾਅਦ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਇੰਸਪੈਕਟਰ ਸੁਨੀਤਾ ਰਾਣੀ ਬਰਖ਼ਾਸਤ

ਨਿਊਜ਼ ਪੰਜਾਬ

2 ਅਕਤੂਬਰ,2026

ਮੋਗਾ ਦੇ ਕੋਟ ਈਸੇ ਖਾਂ ਥਾਣੇ ਦੀ ਸਾਬਕਾ ਐੱਸਐੱਚਓ ਇੰਸਪੈਕਟਰ ਸੁਨੀਤਾ ਰਾਣੀ ਨੂੰ 50 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕਰ ਦਿੱਤਾ ਹੈ। ਇਹ ਕਾਰਵਾਈ ਵਿਜੀਲੈਂਸ ਬਿਊਰੋ ਵੱਲੋਂ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਕੀਤੀ ਗਈ ਹੈ।

ਅਦਾਲਤ ਵਿੱਚ ਪੇਸ਼ੀ ਦੌਰਾਨ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਸੁਨੀਤਾ ਰਾਣੀ ਵੱਲੋਂ ‘ਆਲ ਇਜ਼ ਵੈੱਲ’ ਕਹਿਣ ਦੀ ਵੀਡੀਓ ਵੀ ਸਾਹਮਣੇ ਆਈ ਸੀ। ਬਰਖ਼ਾਸਤਗੀ ਦੇ ਹੁਕਮਾਂ ਵਿੱਚ ਉਸ ਦੇ ਇਸ ਵਿਵਹਾਰ ਨੂੰ ਪੁਲਿਸ ਵਿਭਾਗ ਦੇ ਅਨੁਸ਼ਾਸਨ ਅਤੇ ਜਨਤਕ ਅਕਸ ਨੂੰ ਨੁਕਸਾਨ ਪਹੁੰਚਾਉਣ ਵਾਲਾ ਦੱਸਿਆ ਗਿਆ ਹੈ। ਫਰੀਦਕੋਟ ਰੇਂਜ ਦੇ ਆਈਜੀਪੀ ਨੀਲਾਂਬਰੀ ਜਗਦਲੇ ਵੱਲੋਂ ਜਾਰੀ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੁਨੀਤਾ ਰਾਣੀ ਵਿਰੁੱਧ ਪਹਿਲਾਂ ਵੀ ਡਿਊਟੀ ਦੌਰਾਨ ਰਿਸ਼ਵਤ ਮੰਗਣ ਅਤੇ ਲੋਕਾਂ ਨੂੰ ਧਮਕਾਉਣ ਸਬੰਧੀ ਸ਼ਿਕਾਇਤਾਂ ਮਿਲੀਆਂ ਸਨ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆਂ ਸਖ਼ਤ ਕਦਮ ਚੁੱਕਿਆ ਹੈ।