ਨਿਊਜ਼ ਪੰਜਾਬ
29 ਸਤੰਬਰ,2026
ਅਮਰੀਕੀ ਜਾਂਚ ਏਜੰਸੀ FBI ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੋਲਡੀ ਬਰਾੜ ਨੂੰ ਆਪਣੀ TOP 10 Most Wanted Fugitives ਸੂਚੀ ਵਿੱਚ ਸ਼ਾਮਲ ਕੀਤਾ ਹੈ। FBI ਮੁਤਾਬਕ ਗੋਲਡੀ ਬਰਾੜ, ਜਿਸ ਦਾ ਅਸਲੀ ਨਾਮ ਸਤਿੰਦਰਜੀਤ ਸਿੰਘ ਦੱਸਿਆ ਗਿਆ ਹੈ, ਖ਼ਿਲਾਫ਼ ਕਤਲ ਦੀ ਸਾਜ਼ਿਸ਼, ਰੈਕੇਟੀਅਰਿੰਗ, ਜਬਰੀ ਵਸੂਲੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਗੰਭੀਰ ਦੋਸ਼ ਹਨ। ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਵਾਲੀ ਜਾਣਕਾਰੀ ਲਈ FBI ਨੇ 10 ਲੱਖ ਅਮਰੀਕੀ ਡਾਲਰ ਦਾ ਇਨਾਮ ਐਲਾਨਿਆ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ ਗੋਲਡੀ ਬਰਾੜ ਅਮਰੀਕਾ ਤੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਅਪਰਾਧਿਕ ਨੈੱਟਵਰਕ ਨੂੰ ਚਲਾਉਣ ਦਾ ਦੋਸ਼ੀ ਹੈ ਅਤੇ ਇਸ ਵੇਲੇ ਫਰਾਰ ਹੈ। FBI ਵੱਲੋਂ ਉਸ ਦੀ ਭਾਲ ਲਈ ਅਮਰੀਕਾ, ਕੈਨੇਡਾ ਅਤੇ ਹੋਰ ਏਜੰਸੀਆਂ ਨਾਲ ਮਿਲ ਕੇ ਕਾਰਵਾਈ ਕੀਤੀ ਜਾ ਰਹੀ ਹੈ। ਉਸ ਖ਼ਿਲਾਫ਼ ਲਾਸ ਏਂਜਲਸ ਦੀ ਸੰਘੀ ਅਦਾਲਤ ਵਿੱਚ ਵੀ ਮਾਮਲਾ ਦਰਜ ਹੈ। ਅਧਿਕਾਰੀਆ ਵੱਲੋਂ ਲਗਾਏ ਗਏ ਦੋਸ਼ ਅਜੇ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਹਨ ਅਤੇ ਅਦਾਲਤ ਵਿੱਚ ਸਾਬਤ ਹੋਣੇ ਬਾਕੀ ਹਨ।
