ਪਾਕਿਸਤਾਨ ਕ੍ਰਿਕਟ ਟੀਮ ਨੂੰ ਵੱਡਾ ਝਟਕਾ, ਗੇਂਦਬਾਜ਼ੀ ਕੋਚ ਐਸ਼ਲੇ ਨੋਫਕੇ ਨੇ ਦਿੱਤਾ ਅਸਤੀਫ਼ਾ

ਨਿਊਜ਼ ਪੰਜਾਬ

23 ਸਤੰਬਰ,2026

ਪਾਕਿਸਤਾਨ ਕ੍ਰਿਕਟ ਟੀਮ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਟੀਮ ਦੇ ਗੇਂਦਬਾਜ਼ੀ ਕੋਚ ਅਤੇ ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਐਸ਼ਲੇ ਨੋਫਕੇ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ ਹੈ। ਉਹ 2026 ਏਸ਼ੀਆਈ ਖੇਡਾਂ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨਾਲ ਆਪਣੀ ਭੂਮਿਕਾ ਖਤਮ ਕਰ ਦੇਣਗੇ। ਨੋਫਕੇ ਮਈ 2025 ਵਿੱਚ ਪਾਕਿਸਤਾਨ ਕ੍ਰਿਕਟ ਬੋਰਡ ਨਾਲ ਜੁੜੇ ਸਨ ਅਤੇ ਉਨ੍ਹਾਂ ਦਾ ਇਕਰਾਰਨਾਮਾ ਜੂਨ 2027 ਤੱਕ ਸੀ, ਪਰ ਉਹ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਟੀਮ ਤੋਂ ਵੱਖ ਹੋ ਰਹੇ ਹਨ। ਪਾਕਿਸਤਾਨ ਕ੍ਰਿਕਟ ਛੱਡਣ ਤੋਂ ਬਾਅਦ ਨੋਫਕੇ ਨੀਦਰਲੈਂਡ ਕ੍ਰਿਕਟ ਟੀਮ ਨਾਲ ਜੁੜਨਗੇ, ਜਿੱਥੇ ਉਹ ਅਗਲੇ ਦੋ ਸਾਲਾਂ ਲਈ ਮੁੱਖ ਕੋਚ ਦੀ ਜ਼ਿੰਮੇਵਾਰੀ ਸੰਭਾਲਣਗੇ। ਨੀਦਰਲੈਂਡ ਕ੍ਰਿਕਟ ਵੱਲੋਂ ਜਾਰੀ ਬਿਆਨ ਵਿੱਚ ਨੋਫਕੇ ਨੇ ਕਿਹਾ ਕਿ ਉਹ ਡੱਚ ਪੁਰਸ਼ ਟੀਮ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਨ ਅਤੇ ਟੀਮ ਦੇ ਵਿਕਾਸ ਨੂੰ ਅੱਗੇ ਵਧਾਉਣਾ ਉਨ੍ਹਾਂ ਦਾ ਮੁੱਖ ਉਦੇਸ਼ ਰਹੇਗਾ। ਉਨ੍ਹਾਂ ਨੇ ਕਿਹਾ ਕਿ ਨੀਦਰਲੈਂਡ ਦੀ ਟੀਮ ਟੀ-20 ਵਿਸ਼ਵ ਕੱਪ ਵਿੱਚ ਨਿਯਮਤ ਤੌਰ ’ਤੇ ਹਿੱਸਾ ਲੈਣ ਵਾਲੀ ਟੀਮ ਬਣ ਚੁੱਕੀ ਹੈ ਅਤੇ ਉਹ ਇਸ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਆਸਟ੍ਰੇਲੀਆ ਲਈ ਨੋਫਕੇ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਇੱਕ ਵਨਡੇ ਅਤੇ ਦੋ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਸਨ। ਉਨ੍ਹਾਂ ਨੇ ਇੱਕ ਵਨਡੇ ਵਿੱਚ ਇੱਕ ਵਿਕਟ ਅਤੇ ਦੋ ਟੀ-20 ਮੈਚਾਂ ਵਿੱਚ ਚਾਰ ਵਿਕਟਾਂ ਹਾਸਲ ਕੀਤੀਆਂ ਸਨ। ਉਨ੍ਹਾਂ ਨੇ ਦਸੰਬਰ 2007 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ ਅਤੇ ਫਰਵਰੀ 2008 ਵਿੱਚ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ ਸੀ।