ਕੈਨੇਡਾ – ਚੀਨ ਸਮਝੌਤਾ : ਅਮਰੀਕਾ ਹੋਇਆ ਨਰਾਜ਼ – ਕੈਨੇਡਾ ’ਤੇ 100 ਫੀਸਦੀ ਟੈਰਿਫ ਲਾਉਣ ਦੀ ਟਰੰਪ ਧਮਕੀ 

ਵਾਸ਼ਿੰਗਟਨ/ਓਟਾਵਾ:

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਕੈਨੇਡਾ ਚੀਨ ਨਾਲ ਕੋਈ ਵੱਡਾ ਵਪਾਰਕ ਸੌਦਾ ਕਰਦਾ ਹੈ ਤਾਂ ਅਮਰੀਕਾ ਕੈਨੇਡਾ ਤੋਂ ਆਉਣ ਵਾਲੇ ਸਾਰੇ ਉਤਪਾਦਾਂ ’ਤੇ 100 ਫੀਸਦੀ ਟੈਰਿਫ (ਆਯਾਤ ਟੈਕਸ) ਲਗਾ ਦੇਵੇਗਾ।

ਟਰੰਪ ਨੇ ਕਿਹਾ ਕਿ ਕੈਨੇਡਾ ਵੱਲੋਂ ਚੀਨ ਨਾਲ ਵਪਾਰਕ ਨੇੜਤਾ ਅਮਰੀਕਾ ਦੀ ਉਦਯੋਗਿਕ ਸੁਰੱਖਿਆ ਅਤੇ ਆਰਥਿਕ ਹਿੱਤਾਂ ਲਈ ਖ਼ਤਰਾ ਬਣ ਸਕਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਚੀਨ ਦਾ ਮਾਲ ਕੈਨੇਡਾ ਦੇ ਰਸਤੇ ਅਮਰੀਕੀ ਮਾਰਕੀਟ ਵਿਚ ਦਾਖ਼ਲ ਹੋ ਸਕਦਾ ਹੈ, ਜਿਸ ਨਾਲ ਅਮਰੀਕੀ ਕੰਪਨੀਆਂ ਅਤੇ ਮਜ਼ਦੂਰਾਂ ਨੂੰ ਨੁਕਸਾਨ ਪਹੁੰਚੇਗਾ।

ਟਰੰਪ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਅਮਰੀਕਾ ਆਪਣੇ ਵਪਾਰਕ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰੇਗਾ ਅਤੇ ਲੋੜ ਪੈਣ ’ਤੇ ਕੈਨੇਡਾ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣਗੇ।

ਦੂਜੇ ਪਾਸੇ, ਕੈਨੇਡਾ ਦੀ ਸਰਕਾਰ ਚੀਨ ਨਾਲ ਵਪਾਰਕ ਰਿਸ਼ਤੇ ਵਧਾਉਣ ਦੇ ਵਿਕਲਪਾਂ ’ਤੇ ਵਿਚਾਰ ਕਰ ਰਹੀ ਹੈ, ਜਿਸ ਨੂੰ ਲੈ ਕੇ ਅਮਰੀਕਾ ਨਾਲ ਤਣਾਅ ਵਧਦਾ ਦਿਖਾਈ ਦੇ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇ 100 ਫੀਸਦੀ ਟੈਰਿਫ ਲਾਗੂ ਹੁੰਦਾ ਹੈ ਤਾਂ ਇਸਦਾ ਅਸਰ ਕੈਨੇਡਾ ਦੀ ਅਰਥਵਿਵਸਥਾ ਦੇ ਨਾਲ-ਨਾਲ ਅਮਰੀਕੀ ਬਾਜ਼ਾਰਾਂ ’ਤੇ ਵੀ ਪੈ ਸਕਦਾ ਹੈ।

ਵਿਸ਼ਲੇਸ਼ਕਾਂ ਅਨੁਸਾਰ ਇਹ ਮਾਮਲਾ ਆਉਣ ਵਾਲੇ ਦਿਨਾਂ ਵਿੱਚ ਉੱਤਰੀ ਅਮਰੀਕਾ ਦੇ ਵਪਾਰਕ ਸੰਬੰਧਾਂ ਲਈ ਵੱਡੀ ਚੁਣੌਤੀ ਬਣ ਸਕਦਾ ਹੈ।