GMADA ਦਫ਼ਤਰ ’ਤੇ ED ਦੀ ਵੱਡੀ ਕਾਰਵਾਈ, ਮੁੱਖ ਇੰਜੀਨੀਅਰ ਦਾ ਦਫ਼ਤਰ ਸੀਲ

ਨਿਊਜ਼ ਪੰਜਾਬ

22 ਸਤੰਬਰ,2026

ਮੋਹਾਲੀ ਸਥਿਤ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰ ’ਤੇ ਮੰਗਲਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੌਰਾਨ ED ਦੀ ਟੀਮ ਨੇ GMADA ਦੇ ਮੁੱਖ ਇੰਜੀਨੀਅਰ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ ਅਤੇ ਦਫ਼ਤਰ ਵਿੱਚ ਮੌਜੂਦ ਦਸਤਾਵੇਜ਼ਾਂ ਤੇ ਹੋਰ ਰਿਕਾਰਡ ਦੀ ਜਾਂਚ ਕੀਤੀ।

ਸੂਤਰਾਂ ਮੁਤਾਬਕ ED ਦੀ ਟੀਮ ਨੇ GMADA ਦੇ ਕੁਝ ਸੀਨੀਅਰ ਅਧਿਕਾਰੀਆਂ ਦੇ ਮੋਬਾਈਲ ਫੋਨ ਵੀ ਆਪਣੇ ਕਬਜ਼ੇ ਵਿੱਚ ਲਏ ਹਨ। ਮੁੱਖ ਇੰਜੀਨੀਅਰ ਤੋਂ ਇਲਾਵਾ ਅਸਟੇਟ ਅਫਸਰ ਅਤੇ ਵਧੀਕ ਮੁੱਖ ਪ੍ਰਸ਼ਾਸਕ ਨੂੰ ਵੀ ਇੱਕ ਕਮਰੇ ਵਿੱਚ ਬੁਲਾ ਕੇ ਵੱਖ-ਵੱਖ ਤੌਰ ’ਤੇ ਪੁੱਛਗਿੱਛ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ, ਚੰਡੀਗੜ੍ਹ ਅਤੇ ਦਿੱਲੀ ਤੋਂ ਪਹੁੰਚੀਆਂ ED ਦੀਆਂ ਟੀਮਾਂ ਤਿੰਨ ਗੱਡੀਆਂ ਵਿੱਚ GMADA ਦਫ਼ਤਰ ਪਹੁੰਚੀਆਂ ਸਨ। ਇਹ ਕਾਰਵਾਈ GMADA ਨਾਲ ਜੁੜੇ ਲਗਭਗ 150 ਕਰੋੜ ਰੁਪਏ ਦੇ ਕਥਿਤ ਚੇਂਜ ਆਫ ਲੈਂਡ ਯੂਜ਼ (CLU) ਘੁਟਾਲੇ ਅਤੇ ਫੀਸ ਡਿਫਾਲਟ ਦੇ ਮਾਮਲੇ ਦੀ ਜਾਂਚ ਨਾਲ ਜੋੜੀ ਜਾ ਰਹੀ ਹੈ। ਇਸ ਮਾਮਲੇ ਵਿੱਚ ਸਨਟੇਕ ਸਿਟੀ, ਨਵਾਂ ਚੰਡੀਗੜ੍ਹ ਸਮੇਤ ਕਈ ਪ੍ਰੋਜੈਕਟ ਜਾਂਚ ਦੇ ਦਾਇਰੇ ਵਿੱਚ ਦੱਸੇ ਜਾ ਰਹੇ ਹਨ। ਹਾਲਾਂਕਿ, ਇਸ ਪੂਰੀ ਕਾਰਵਾਈ ਬਾਰੇ ED ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।