ਨਿਊਜ਼ ਪੰਜਾਬ
17 ਜਨਵਰੀ 2026
ਪੰਜਾਬ ਵਿੱਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਸ਼ਨੀਵਾਰ ਸਵੇਰੇ ਬਠਿੰਡਾ ਵਿੱਚ ਭਾਰਤ ਮਾਲਾ ਨੈਸ਼ਨਲ ਹਾਈਵੇ ‘ਤੇ ਇੱਕ ਫਾਰਚੂਨਰ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਇੱਕ ਮਹਿਲਾ ਕਾਂਸਟੇਬਲ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ।
ਇਹ ਹਾਦਸਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਰਥੜੀ ਨੇੜੇ ਵਾਪਰਿਆ। ਟੱਕਰ ਇੰਨੀ ਭਿਆਨਕ ਸੀ ਕਿ ਫਾਰਚੂਨਰ ਗੱਡੀ ਦੇ ਪਰਖੱਚੇ ਉੱਡ ਗਏ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਗੱਡੀ ਵਿੱਚੋਂ ਲਾਸ਼ਾਂ ਕੱਢੀਆਂ ਮ੍ਰਿਤਕ ਮਹਿਲਾ ਕਾਂਸਟੇਬਲ ਗੁਜਰਾਤ ਦੀ ਰਹਿਣ ਵਾਲੀ ਸੀ। ਪੁਲਿਸ ਮੁਤਾਬਕ ਉਹ ਫਾਰਚੂਨਰ ਕਾਰ ਵਿੱਚ ਗੁਜਰਾਤ ਤੋਂ ਪੰਜਾਬ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਸਾਰੇ ਪੰਜਾਬ ਵਿਚ ਘੁੰਮਣ ਲਈ ਆਏ ਸਨ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮ੍ਰਿਤਕਾਂ ਵਿੱਚ ਚਾਰ ਨੌਜਵਾਨ ਅਤੇ ਇੱਕ ਔਰਤ ਸ਼ਾਮਲ ਹੈ, ਜਿਨ੍ਹਾਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਹੈ। ਮ੍ਰਿਤਕਾਂ ਦੀ ਪਛਾਣ ਅਰਜੁਨ, ਸਤੀਸ਼, ਜਨਕ, ਭਰਤ ਅਤੇ ਅਮਿਤਾ ਬਾਨ ਵਜੋਂ ਹੋਈ ਹੈ, ਸਾਰੇ ਗੁਜਰਾਤ ਦੇ ਬਨਾਸਕਾਂਠਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀਆਂ ਜੇਬਾਂ ਵਿੱਚੋਂ ਮਿਲੇ ਆਧਾਰ ਕਾਰਡ ਅਤੇ ਹੋਰ ਪਛਾਣ ਪੱਤਰਾਂ ਨੇ ਮ੍ਰਿਤਕਾਂ ਦੀ ਪਛਾਣ ਕਰਨ ਵਿੱਚ ਮਦਦ ਕੀਤੀ। ਅਮਿਤਾ ਬਾਨ ਗੁਜਰਾਤ ਪੁਲਿਸ ਵਿੱਚ ਕਾਂਸਟੇਬਲ ਸੀ।
