ਨਿਊਜ਼ ਪੰਜਾਬ
16 ਸਤੰਬਰ,2026
ਸਿਰਸਾ ਦੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ 21 ਦਿਨਾਂ ਦੀ ਪੈਰੋਲ ਮੰਗਲਵਾਰ ਨੂੰ ਖਤਮ ਹੋ ਗਈ। ਹੁਣ ਉਸ ਨੂੰ ਬੁੱਧਵਾਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਾਪਸ ਜਾਣਾ ਪਵੇਗਾ। ਪੈਰੋਲ ਦੌਰਾਨ ਡੇਰਾ ਸੱਚਾ ਸੌਦਾ ਕੰਪਲੈਕਸ ਵਿੱਚ ਪੈਰੋਕਾਰਾਂ ਦੀ ਆਵਾਜਾਈ ਵਧੀ ਰਹੀ ਅਤੇ ਰਾਮ ਰਹੀਮ ਨੇ ਆਨਲਾਈਨ ਤੇ ਆਫਲਾਈਨ ਸਤਿਸੰਗਾਂ ਰਾਹੀਂ ਆਪਣੇ ਪੈਰੋਕਾਰਾਂ ਨੂੰ ਸੰਦੇਸ਼ ਦਿੱਤੇ। ਸੁਰੱਖਿਆ ਕਾਰਨਾਂ ਕਰਕੇ ਡੇਰਾ ਪ੍ਰਬੰਧਨ ਨੇ ਉਸ ਦੀ ਵਾਪਸੀ ਦਾ ਸਹੀ ਸਮਾਂ ਅਤੇ ਪੂਰਾ ਸ਼ਡਿਊਲ ਜਨਤਕ ਨਹੀਂ ਕੀਤਾ ਹੈ, ਜਦਕਿ ਪੁਲਿਸ ਵੀ ਅਲਰਟ ’ਤੇ ਹੈ। ਦੱਸਿਆ ਜਾਂਦਾ ਹੈ ਕਿ ਇਹ ਕਰੀਬ 9 ਸਾਲਾਂ ਵਿੱਚ ਰਾਮ ਰਹੀਮ ਦੀ 17ਵੀਂ ਪੈਰੋਲ ਹੈ। 2017 ਵਿੱਚ ਦੋ ਸਾਧਵੀਆਂ ਨਾਲ ਯੌਨ ਸ਼ੋਸ਼ਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਸ ਨੂੰ ਕੁੱਲ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ ਦੀ ਵਾਰ-ਵਾਰ ਪੈਰੋਲ ਨੂੰ ਲੈ ਕੇ ਅਕਾਲ ਤਖ਼ਤ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਸਮੇਤ ਕਈ ਪੱਖਾਂ ਵੱਲੋਂ ਇਤਰਾਜ਼ ਵੀ ਜਤਾਇਆ ਗਿਆ ਹੈ।
