ਫਿਰੋਜ਼ਪੁਰ ‘ਚ AAP ਆਗੂ ਦਾ ਗੋਲੀਆਂ ਮਾਰ ਕੇ ਕਤਲ, ਚੋਣੀ ਰੰਜਿਸ਼ ਦਾ ਸ਼ੱਕ

ਨਿਊਜ਼ ਪੰਜਾਬ

30 ਅਗਸਤ 2026

ਫਿਰੋਜ਼ਪੁਰ ਦੇ ਮਮਦੋਟ ਵਿੱਚ ਸ਼ਨੀਵਾਰ ਰਾਤ ਵੱਡੀ ਵਾਰਦਾਤ ਵਾਪਰੀ, ਜਿੱਥੇ ਮੋਟਰਸਾਈਕਲ ਸਵਾਰ ਨਕਾਬਪੋਸ਼ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ (45) ਦੀ ਹੱਤਿਆ ਕਰ ਦਿੱਤੀ। ਹਮਲੇ ਦੌਰਾਨ ਇੱਕ ਹੋਰ ਵਿਅਕਤੀ ਹਰਪ੍ਰੀਤ ਸਿੰਘ ਵੀ ਜ਼ਖਮੀ ਹੋਇਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਗੰਭੀਰ ਹਾਲਤ ਕਾਰਨ ਬਾਅਦ ਵਿੱਚ ਰੈਫਰ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਹਮਲਾਵਰਾਂ ਨੇ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਅਤੇ ਦੋ ਬਾਈਕ ਸਵਾਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾਈਆਂ। ਮੌਕੇ ‘ਤੇ ਪਹੁੰਚੇ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮਾਮਲਾ ਚੋਣੀ ਰੰਜਿਸ਼ ਨਾਲ ਜੁੜਿਆ ਹੋਣ ਦਾ ਸ਼ੱਕ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਮਲਾਵਰਾਂ ਦੀ ਪਛਾਣ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।