ਨਿਊਜ਼ ਪੰਜਾਬ
25 ਅਗਸਤ,2026
ਸਮਾਣਾ ਦੇ ਇੱਕ ਪਰਿਵਾਰ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਜਾਮਨਗਰ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਭਾਰਤੀ ਏਅਰ ਫੋਰਸ ਦੇ ਜਵਾਨ ਗੁਰਜਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਲਵਲੀਨ ਕੌਰ ਦੀ ਦਰਦਨਾਕ ਮੌਤ ਹੋ ਗਈ। ਦੋਵੇਂ ਪਤੀ-ਪਤਨੀ ਮੋਟਰਸਾਈਕਲ ’ਤੇ ਬਾਜ਼ਾਰ ਵੱਲ ਜਾ ਰਹੇ ਸਨ, ਪਰ ਰਸਤੇ ਵਿੱਚ ਉਨ੍ਹਾਂ ਦੀ ਬੱਸ ਨਾਲ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਗੁਰਜਿੰਦਰ ਸਿੰਘ ਜਾਮਨਗਰ ਏਅਰ ਫੋਰਸ ਸਟੇਸ਼ਨ ਵਿੱਚ ਐਲਏਸੀ ਆਟੋ ਟੈਕ ਵਜੋਂ ਤਾਇਨਾਤ ਸਨ।
ਹਾਦਸੇ ਤੋਂ ਪਹਿਲਾਂ 23 ਅਗਸਤ ਦੀ ਸ਼ਾਮ ਕਰੀਬ 6:30 ਵਜੇ ਉਨ੍ਹਾਂ ਨੇ ਆਪਣੀ ਮਾਤਾ ਨਾਲ ਫੋਨ ’ਤੇ ਗੱਲ ਕੀਤੀ ਸੀ ਅਤੇ ਦੱਸਿਆ ਸੀ ਕਿ ਉਹ ਆਪਣੀ ਪਤਨੀ ਨਾਲ ਮਾਰਕੀਟ ਜਾ ਰਹੇ ਹਨ। ਪਰਿਵਾਰ ਨੂੰ ਉਸ ਸਮੇਂ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਪੁੱਤਰ ਨਾਲ ਹੋ ਰਹੀ ਇਹ ਗੱਲਬਾਤ ਉਨ੍ਹਾਂ ਦੀ ਆਖਰੀ ਗੱਲਬਾਤ ਸਾਬਤ ਹੋਵੇਗੀ। ਕੁਝ ਸਮੇਂ ਬਾਅਦ ਹੀ ਪਰਿਵਾਰ ਨੂੰ ਜਾਮਨਗਰ ਵਿੱਚ ਵਾਪਰੇ ਹਾਦਸੇ ਦੀ ਦੁਖਦਾਈ ਖ਼ਬਰ ਮਿਲੀ। ਏਅਰ ਫੋਰਸ ਦੇ ਅਧਿਕਾਰੀਆਂ ਅਤੇ ਜਾਮਨਗਰ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ। ਦੋਵਾਂ ਦੀਆਂ ਮ੍ਰਿਤਕ ਦੇਹਾਂ ਸਮਾਣਾ ਪਹੁੰਚਣ ਤੋਂ ਬਾਅਦ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਦੀ ਮੌਜੂਦਗੀ ਵਿੱਚ ਅੰਤਿਮ ਰਸਮਾਂ ਅਦਾ ਕੀਤੀਆਂ ਗਈਆਂ। ਅੰਤਿਮ ਸੰਸਕਾਰ ਤੋਂ ਪਹਿਲਾਂ ਅੰਬਾਲਾ ਤੋਂ ਪਹੁੰਚੇ ਏਅਰ ਫੋਰਸ ਦੇ ਅਧਿਕਾਰੀਆਂ ਵੱਲੋਂ ਜਵਾਨ ਗੁਰਜਿੰਦਰ ਸਿੰਘ ਨੂੰ ਸਨਮਾਨ ਵਜੋਂ ਸਲਾਮੀ ਦਿੱਤੀ ਗਈ। ਇਸ ਤੋਂ ਬਾਅਦ ਗੁਰਜਿੰਦਰ ਸਿੰਘ ਦੇ ਪਿਤਾ ਗੁਰਮੀਤ ਸਿੰਘ ਨੇ ਆਪਣੇ ਪੁੱਤਰ ਅਤੇ ਨੂੰਹ ਨੂੰ ਅੰਤਿਮ ਅਗਨੀ ਦਿੱਤੀ। ਇਸ ਦੌਰਾਨ ਪੂਰਾ ਮਾਹੌਲ ਗਮਗੀਨ ਹੋ ਗਿਆ ਅਤੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਨਮ ਰਹੀਆਂ। ਮਾਂ ਨੇ ਭਰੇ ਮਨ ਨਾਲ ਦੱਸਿਆ ਕਿ ਪੁੱਤਰ ਨਾਲ ਫੋਨ ’ਤੇ ਗੱਲਬਾਤ ਹੋਣ ਤੋਂ ਕੁਝ ਹੀ ਸਮੇਂ ਬਾਅਦ ਉਨ੍ਹਾਂ ਨੂੰ ਉਸ ਦੇ ਹਾਦਸੇ ਦੀ ਖ਼ਬਰ ਮਿਲੀ। ਪੁੱਤਰ ਅਤੇ ਨੂੰਹ ਦੀ ਇਕੱਠਿਆਂ ਹੋਈ ਮੌਤ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ ਅਤੇ ਇਲਾਕੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ।
