ਨਿਊਜ਼ ਪੰਜਾਬ
14 ਅਗਸਤ,2026
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਪੀਪਲਕੋਟੀ ਦੇ ਮਾਇਆਪੁਰ ਵਿੱਚ ਨਿਰਮਾਣ ਅਧੀਨ ਕਰੀਬ 3 ਕਿਲੋਮੀਟਰ ਲੰਬੀ ਟਨਲ ਵਿੱਚ ਲੈਂਡਸਲਾਈਡ ਤੋਂ ਬਾਅਦ ਪਾਣੀ ਅਤੇ ਮਲਬਾ ਭਰ ਜਾਣ ਕਾਰਨ ਵੱਡਾ ਹਾਦਸਾ ਵਾਪਰਿਆ।
ਹਾਦਸੇ ਸਮੇਂ ਟਨਲ ਅੰਦਰ ਕੰਮ ਕਰ ਰਹੇ 22 ਮਜ਼ਦੂਰ ਫਸ ਗਏ, ਜਿਨ੍ਹਾਂ ਵਿੱਚੋਂ 7 ਦੀ ਮੌਤ ਦੀ ਅਧਿਕਾਰਕ ਪੁਸ਼ਟੀ ਹੋ ਚੁੱਕੀ ਹੈ। ਮ੍ਰਿਤਕਾਂ ਦੀ ਪਛਾਣ ਮੁਕੇਸ਼, ਪ੍ਰਦੀਪ ਪਵਾਰ, ਦੁਰਲਭ ਸ਼ਰਮਾ, ਵਿਜੇ, ਜੀਤੇਂਦਰ, ਲਕੇਸ਼ਵਰ ਅਤੇ ਘੁਨੇਸ਼ਵਰ ਵਜੋਂ ਹੋਈ ਹੈ। ਬਚਾਅ ਕਾਰਜ ਦੌਰਾਨ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਟਨਲ ਵਿੱਚ ਪਾਣੀ ਅਤੇ ਮਲਬਾ ਭਰਨ ਕਾਰਨ ਰੈਸਕਿਊ ਟੀਮਾਂ ਨੂੰ ਅੰਦਰ ਪਹੁੰਚਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜ਼ਿਲ੍ਹਾ ਅਧਿਕਾਰੀ ਗੌਰਵ ਕੁਮਾਰ ਦੀ ਨਿਗਰਾਨੀ ਹੇਠ ਪੁਲਿਸ, NDRF, SDRF, DRF ਅਤੇ ਫਾਇਰ ਸਰਵਿਸ ਦੀਆਂ ਟੀਮਾਂ ਵੱਲੋਂ ਬਚਾਅ ਮੁਹਿੰਮ ਚਲਾਈ ਗਈ। ਫੌਜ ਅਤੇ ITBP ਦੀਆਂ ਵਾਧੂ ਟੀਮਾਂ ਨੂੰ ਵੀ ਮੌਕੇ ਵੱਲ ਰਵਾਨਾ ਕੀਤਾ ਗਿਆ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਦੀ ਪਹਿਲ ਟਨਲ ਵਿੱਚ ਫਸੇ ਹਰ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ।
