ਪੰਜਾਬ SIR: ਡਰਾਫਟ ਵੋਟਰ ਸੂਚੀ ਕੱਲ੍ਹ ਹੋਵੇਗੀ ਜਾਰੀ, ਨਾਮ ਨਾ ਹੋਣ ‘ਤੇ ਇੰਝ ਕਰਵਾਓ ਸ਼ਾਮਲ

ਨਿਊਜ਼ ਪੰਜਾਬ

12 ਅਗਸਤ,2026

ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ ਅਤੇ ਡਰਾਫਟ ਵੋਟਰ ਸੂਚੀ 13 ਅਗਸਤ ਨੂੰ ਜਾਰੀ ਕੀਤੀ ਜਾਵੇਗੀ। SIR ਦੌਰਾਨ ਜੂਨ 2026 ਦੀ ਵੋਟਰ ਸੂਚੀ ਵਿੱਚੋਂ ਲਗਭਗ 20.66 ਲੱਖ ਨਾਮ ਵੱਖ-ਵੱਖ ਕਾਰਨਾਂ ਕਰਕੇ ਬਾਹਰ ਕੀਤੇ ਜਾਣਗੇ, ਜਿਨ੍ਹਾਂ ਵਿੱਚ ਕਰੀਬ 9.5 ਲੱਖ ਅਜਿਹੇ ਵੋਟਰ ਹਨ ਜੋ ਪੱਕੇ ਤੌਰ ’ਤੇ ਪੰਜਾਬ ਤੋਂ ਬਾਹਰ ਚਲੇ ਗਏ ਹਨ, 5.75 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ, ਲਗਭਗ 1.20 ਲੱਖ ਨਾਮ ਡੁਪਲੀਕੇਟ ਪਾਏ ਗਏ ਹਨ ਅਤੇ ਕਰੀਬ 4.12 ਲੱਖ ਵੋਟਰਾਂ ਦਾ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਜੇਕਰ ਕਿਸੇ ਯੋਗ ਵੋਟਰ ਦਾ ਨਾਮ ਡਰਾਫਟ ਸੂਚੀ ਵਿੱਚ ਨਹੀਂ ਹੈ ਤਾਂ ਉਸ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ 13 ਅਗਸਤ ਤੋਂ 12 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਦਰਜ ਕਰਵਾਉਣ ਦਾ ਮੌਕਾ ਮਿਲੇਗਾ। ਯੋਗ ਵਿਅਕਤੀ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਫਾਰਮ-6 ਭਰ ਸਕਦਾ ਹੈ, ਜਿਸ ਨੂੰ ਆਨਲਾਈਨ voters.eci.gov.in ਪੋਰਟਲ ਜਾਂ ਵੋਟਰ ਹੈਲਪਲਾਈਨ ਐਪ ਰਾਹੀਂ ਭਰਿਆ ਜਾ ਸਕਦਾ ਹੈ ਅਤੇ ਔਫਲਾਈਨ BLO, ERO/AERO ਜਾਂ ਸਬੰਧਤ ਚੋਣ ਦਫ਼ਤਰ ਵਿੱਚ ਵੀ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਨਾਮ ਦੀ ਜਾਂਚ ਲਈ ਵੋਟਰ ਆਪਣਾ ਨਾਮ, ਪਿਤਾ ਜਾਂ ਪਤੀ ਦਾ ਨਾਮ, ਉਮਰ, ਰਾਜ, ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕੇ ਦੀ ਜਾਣਕਾਰੀ ਦੇ ਕੇ ਆਨਲਾਈਨ ਸਰਚ ਕਰ ਸਕਦੇ ਹਨ ਜਾਂ ਆਪਣੇ ਪੋਲਿੰਗ ਸਟੇਸ਼ਨ ਦੀ PDF ਵੋਟਰ ਸੂਚੀ ਡਾਊਨਲੋਡ ਕਰਕੇ ਨਾਮ ਅਤੇ ਪਤਾ ਚੈੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਆਪਣੇ ਖੇਤਰ ਦੇ ਬੂਥ ਲੈਵਲ ਅਫਸਰ (BLO) ਕੋਲ ਜਾ ਕੇ ਹਾਰਡ ਕਾਪੀ ਵਿੱਚ ਵੀ ਨਾਮ ਦੀ ਜਾਂਚ ਕੀਤੀ ਜਾ ਸਕਦੀ ਹੈ। ਜੇਕਰ ਨਾਮ ਡਰਾਫਟ ਸੂਚੀ ਵਿੱਚ ਮੌਜੂਦ ਹੈ ਪਰ ਪਿਛਲੀ SIR ਸੂਚੀ ਨਾਲ ਰਿਕਾਰਡ ਮੈਪ ਨਹੀਂ ਹੋਇਆ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਵੋਟ ਆਪਣੇ ਆਪ ਰੱਦ ਹੋ ਜਾਵੇਗੀ। ਅਜਿਹੇ ਵੋਟਰਾਂ ਨੂੰ ਆਪਣੀ ਯੋਗਤਾ ਸਾਬਤ ਕਰਨ ਲਈ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦਾ ਮੌਕਾ ਮਿਲੇਗਾ। ਉਮਰ ਅਤੇ ਪਤੇ ਦੇ ਸਬੂਤ ਲਈ ਜਨਮ ਸਰਟੀਫਿਕੇਟ, ਆਧਾਰ ਕਾਰਡ, ਪਾਸਪੋਰਟ, 10ਵੀਂ ਜਾਂ 12ਵੀਂ ਦਾ ਸਰਟੀਫਿਕੇਟ, ਬੈਂਕ ਪਾਸਬੁੱਕ, ਬਿਜਲੀ ਜਾਂ ਪਾਣੀ ਦਾ ਬਿੱਲ ਆਦਿ ਦਸਤਾਵੇਜ਼ ਵਰਤੇ ਜਾ ਸਕਦੇ ਹਨ। ਜੇਕਰ ਵੋਟਰ ਦੇ ਨਾਮ ਜਾਂ ਪਤੇ ਵਿੱਚ ਕੋਈ ਗਲਤੀ ਹੈ ਤਾਂ ਫਾਰਮ-8 ਰਾਹੀਂ ਸੋਧ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ। ਇਸ ਲਈ ਹਰ ਵੋਟਰ ਲਈ ਜ਼ਰੂਰੀ ਹੈ ਕਿ 13 ਅਗਸਤ ਨੂੰ ਡਰਾਫਟ ਸੂਚੀ ਜਾਰੀ ਹੋਣ ਤੋਂ ਬਾਅਦ ਆਪਣਾ ਨਾਮ ਅਤੇ ਵੇਰਵੇ ਜ਼ਰੂਰ ਚੈੱਕ ਕਰੇ ਅਤੇ ਜੇਕਰ ਕੋਈ ਗੜਬੜ ਜਾਂ ਨਾਮ ਗਾਇਬ ਮਿਲਦਾ ਹੈ ਤਾਂ ਨਿਰਧਾਰਤ ਸਮੇਂ ਅੰਦਰ ਦਾਅਵਾ ਜਾਂ ਇਤਰਾਜ਼ ਦਰਜ ਕਰਵਾ ਕੇ ਆਪਣਾ ਨਾਮ ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਦੀ ਕਾਰਵਾਈ ਪੂਰੀ ਕਰੇ।