ਨਿਊਜ਼ ਪੰਜਾਬ
9 ਅਗਸਤ,2026
ਭਾਰਤੀ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੀਆਂ ਮਹਿਲਾ ਅਧਿਕਾਰੀਆਂ ਨੇ ਆਪਣੀ ਹਿੰਮਤ, ਜਜ਼ਬੇ ਅਤੇ ਦ੍ਰਿੜ੍ਹ ਇਰਾਦੇ ਨਾਲ ਇਤਿਹਾਸ ਰਚ ਦਿੱਤਾ ਹੈ। ਤਿੰਨਾਂ ਸੈਨਾਵਾਂ ਦੀ ਸਾਂਝੀ ਟੀਮ ਨੇ ‘ਸਮੁੰਦਰੀ ਪਰਿਕਰਮਾ’ ਮੁਹਿੰਮ ਤਹਿਤ 314 ਦਿਨਾਂ ਦੀ ਔਖੀ ਸਮੁੰਦਰੀ ਯਾਤਰਾ ਪੂਰੀ ਕਰਦਿਆਂ ਲਗਭਗ 47 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਇਹ ਮੁਹਿੰਮ 11 ਸਤੰਬਰ 2025 ਨੂੰ ਸ਼ੁਰੂ ਹੋਈ ਸੀ ਅਤੇ ਲੰਬੇ ਸਮੁੰਦਰੀ ਸਫ਼ਰ ਤੋਂ ਬਾਅਦ ਦੇਸ਼ ਦੀਆਂ ਧੀਆਂ ਤਿਰੰਗਾ ਲਹਿਰਾਉਂਦੀਆਂ ਹੋਈਆਂ ਸੁਰੱਖਿਅਤ ਵਾਪਸ ਪਰਤੀਆਂ। ਇਸ ਇਤਿਹਾਸਕ ਮੁਹਿੰਮ ਵਿੱਚ ਸਿਰਸਾ ਦੀ ਧੀ ਮੇਜਰ ਕਰਮਜੀਤ ਕੌਰ ਨੇ ਵੀ ਹਿੱਸਾ ਲਿਆ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਮੁਹਿੰਮ ਦੀ ਸਫਲਤਾ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟੀਮ ਦਾ ਸਵਾਗਤ ਕਰਦਿਆਂ ਮਹਿਲਾ ਅਧਿਕਾਰੀਆਂ ਦੀ ਬਹਾਦਰੀ ਅਤੇ ਹਿੰਮਤ ਦੀ ਸ਼ਲਾਘਾ ਕੀਤੀ ਅਤੇ ਇਸ ਪ੍ਰਾਪਤੀ ਨੂੰ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਦੱਸਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀ ਟੀਮ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਇਸ ਬੇਮਿਸਾਲ ਪ੍ਰਾਪਤੀ ਦੀ ਪ੍ਰਸ਼ੰਸਾ ਕੀਤੀ। ਉੱਥੇ ਹੀ ਸਿਰਸਾ ਵਿੱਚ ਮੇਜਰ ਕਰਮਜੀਤ ਕੌਰ ਦੇ ਪਰਿਵਾਰ ਨੇ ਉਨ੍ਹਾਂ ਦੀ ਵਾਪਸੀ ‘ਤੇ ਮਠਿਆਈਆਂ ਖੁਆ ਕੇ ਖੁਸ਼ੀ ਮਨਾਈ ਅਤੇ ਆਪਣੀ ਧੀ ਦੀ ਇਸ ਇਤਿਹਾਸਕ ਉਪਲਬਧੀ ‘ਤੇ ਮਾਣ ਮਹਿਸੂਸ ਕੀਤਾ।
