ਨਿਊਜ਼ ਪੰਜਾਬ
7 ਅਗਸਤ,2026
ਲੁਧਿਆਣਾ ਵਿੱਚ “ਆਫ ਦ ਸ਼ੈਲਫ” ਸਕੀਮ ਤਹਿਤ ਅਲਾਟ ਕੀਤੀ ਗਈ ਉਦਯੋਗਿਕ ਜ਼ਮੀਨ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਆਪਣੀ ਜਾਂਚ ਹੋਰ ਤੇਜ਼ ਕਰ ਦਿੱਤੀ ਹੈ। ਮਨੀ ਲਾਂਡਰਿੰਗ ਰੋਕਥਾਮ ਐਕਟ (PMLA), 2002 ਅਧੀਨ ਚੱਲ ਰਹੀ ਜਾਂਚ ਦੌਰਾਨ ED ਨੇ ਕਰੀਬ 340 ਏਕੜ ਜ਼ਮੀਨ ਨਾਲ ਸਬੰਧਤ ਸਾਰੇ ਦਸਤਾਵੇਜ਼ ਅਤੇ ਵੇਰਵੇ 6 ਪ੍ਰਮੁੱਖ ਉਦਯੋਗਿਕ ਕੰਪਨੀਆਂ ਤੋਂ ਮੰਗੇ ਹਨ। ਜਾਂਚ ਦੇ ਦਾਇਰੇ ਵਿੱਚ ਵਰਧਮਾਨ ਐਂਡ ਮਹਾਵੀਰ ਸਪਿਨਿੰਗ ਜਨਰਲ ਮਿਲਜ਼, ਹੀਰੋ ਸਾਈਕਲਜ਼, ਰੌਇਲ ਇੰਡਸਟਰੀਜ਼, ਓਸਵਾਲ ਫੈਟਸ ਐਂਡ ਆਇਲ, ਰਿਤੇਸ਼ ਇੰਡਸਟਰੀਜ਼ ਅਤੇ ਏ-ਵਨ ਸਾਈਕਲ ਲਿਮਿਟੇਡ ਸ਼ਾਮਲ ਹਨ।
ਇਹ ਕਾਰਵਾਈ PSIEC ਦੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਨਾਲ ਜੁੜੀਆਂ 11 ਥਾਵਾਂ ‘ਤੇ ਹਾਲ ਹੀ ਵਿੱਚ ਹੋਈ ਛਾਪੇਮਾਰੀ ਤੋਂ ਬਾਅਦ ਕੀਤੀ ਗਈ ਹੈ। ਇਸ ਦੇ ਨਾਲ ਹੀ ED ਨੇ GLADA ਤੋਂ ਫੋਕਲ ਪੁਆਇੰਟ ਫੇਜ਼-8 ਅਤੇ ਧੰਧਾਰੀ ਕਲਾਂ ਵਿੱਚ ਅਲਾਟ ਕੀਤੀਆਂ ਜ਼ਮੀਨਾਂ ਦੇ CLU ਮਨਜ਼ੂਰੀ ਪੱਤਰ, ਲੇਆਉਟ ਪਲਾਨ, ਮਾਲਕੀ ਦੀਆਂ ਸ਼ਰਤਾਂ, ਵਿਕਾਸ ਕਾਰਜਾਂ ਅਤੇ ਹੋਰ ਸਾਰੇ ਸੰਬੰਧਿਤ ਦਸਤਾਵੇਜ਼ਾਂ ਦੀਆਂ ਸਕੈਨ ਕਾਪੀਆਂ ਵੀ ਤਲਬ ਕੀਤੀਆਂ ਹਨ। ਸੂਤਰਾਂ ਮੁਤਾਬਕ, ਜਾਂਚ ਦਾ ਮੁੱਖ ਮਕਸਦ ਜ਼ਮੀਨ ਅਲਾਟਮੈਂਟ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਅਤੇ ਸੰਭਾਵਿਤ ਮਨੀ ਲਾਂਡਰਿੰਗ ਦੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰਨਾ ਹੈ।
