ਨਿਊਜ਼ ਪੰਜਾਬ
4 ਅਗਸਤ,2026
ਭਾਰਤੀ ਮੌਸਮ ਵਿਭਾਗ (IMD) ਨੇ ਪੰਜਾਬ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਮੌਸਮ ਦੇ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਜ਼ਿਲ੍ਹਾ-ਵਾਰ ਚੇਤਾਵਨੀਆਂ ਜਾਰੀ ਕੀਤੀਆਂ ਹਨ। ਵਿਭਾਗ ਮੁਤਾਬਕ ਅਗਲੇ ਦੋ ਤੋਂ ਤਿੰਨ ਘੰਟਿਆਂ ਦੌਰਾਨ ਕਈ ਇਲਾਕਿਆਂ ਵਿੱਚ ਗਰਜ-ਚਮਕ, ਬਿਜਲੀ ਡਿੱਗਣ, ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਪਟਿਆਲਾ ਜ਼ਿਲ੍ਹੇ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਿੱਥੇ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਅਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਬਿਨਾਂ ਲੋੜ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਸਲਾਹ ਦਿੱਤੀ ਹੈ।
ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ, ਲੁਧਿਆਣਾ, ਸੰਗਰੂਰ ਅਤੇ ਮੋਹਾਲੀ ਵਿੱਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਿੱਥੇ ਮੱਧਮ ਤੋਂ ਭਾਰੀ ਮੀਂਹ ਦੇ ਨਾਲ ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਪਾਤੜਾਂ, ਸਮਾਣਾ, ਰਾਜਪੁਰਾ ਅਤੇ ਡੇਰਾਬੱਸੀ ਸਮੇਤ ਕਈ ਇਲਾਕਿਆਂ ਵਿੱਚ ਬਿਜਲੀ ਚਮਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲਹਿਰਾ, ਸੁਨਾਮ, ਮੂਨਕ, ਨਾਭਾ, ਅਮਲੋਹ, ਖਰੜ, ਰੂਪਨਗਰ, ਬਲਾਚੌਰ, ਆਨੰਦਪੁਰ ਸਾਹਿਬ ਅਤੇ ਨੰਗਲ ਵਰਗੇ ਖੇਤਰਾਂ ਵਿੱਚ ਵੀ ਮੱਧਮ ਬਾਰਿਸ਼ ਹੋ ਸਕਦੀ ਹੈ।ਮੌਸਮ ਵਿਭਾਗ ਨੇ ਲੋਕਾਂ ਨੂੰ ਖੁੱਲ੍ਹੇ ਮੈਦਾਨਾਂ, ਦਰੱਖਤਾਂ ਅਤੇ ਬਿਜਲੀ ਦੇ ਖੰਭਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
