ਪੇਰੂ ‘ਚ ਸੈਲਾਨੀਆਂ ਨਾਲ ਭਰਿਆ ਜਹਾਜ਼ ਹੋਇਆ ਹਾਦਸਾਗ੍ਰਸਤ, 13 ਲੋਕਾਂ ਦੀ ਮੌਤ ਨਾਲ ਮੱਚਿਆ ਹੜਕੰਪ

ਨਿਊਜ਼ ਪੰਜਾਬ

2 ਅਗਸਤ,2026

ਪੇਰੂ ਦੇ ਨਾਜ਼ਕਾ ਸ਼ਹਿਰ ਨੇੜੇ ਇੱਕ ਦਰਦਨਾਕ ਹਵਾਈ ਹਾਦਸਾ ਵਾਪਰਿਆ ਹੈ, ਜਿਸ ਵਿੱਚ ਯੂਰਪੀ ਸੈਲਾਨੀਆਂ ਨੂੰ ਲੈ ਕੇ ਜਾ ਰਿਹਾ ਇੱਕ ਛੋਟਾ ਜਹਾਜ਼ ਖੇਤ ਵਿੱਚ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ, ਜਹਾਜ਼ ਨੇ ਇਕਾ ਸ਼ਹਿਰ ਤੋਂ ਉਡਾਣ ਭਰੀ ਸੀ ਅਤੇ ਇਹ ਮਸ਼ਹੂਰ ਨਾਜ਼ਕਾ ਲਾਈਨਜ਼ ਦਾ ਹਵਾਈ ਦੌਰਾ ਕਰਵਾ ਰਿਹਾ ਸੀ। ਉਡਾਣ ਦੌਰਾਨ ਚਾਲਕ ਦਲ ਨੇ ਐਮਰਜੈਂਸੀ ਅਲਾਰਮ ਜਾਰੀ ਕੀਤਾ, ਜਿਸ ਤੋਂ ਕੁਝ ਸਮੇਂ ਬਾਅਦ ਜਹਾਜ਼ ਨਾਲ ਸੰਪਰਕ ਟੁੱਟ ਗਿਆ।

ਹਾਦਸੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਅਤੇ ਮੌਕੇ ‘ਤੇ ਪਹੁੰਚੀਆਂ ਬਚਾਅ ਟੀਮਾਂ ਨੇ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਮ੍ਰਿਤਕਾਂ ਵਿੱਚ ਇਟਲੀ, ਸਪੇਨ ਅਤੇ ਜਰਮਨੀ ਦੇ ਸੈਲਾਨੀ ਸ਼ਾਮਲ ਹਨ, ਜਦਕਿ ਪਾਇਲਟ ਅਤੇ ਸਹਿ-ਪਾਇਲਟ ਵੀ ਇਸ ਹਾਦਸੇ ਵਿੱਚ ਮਾਰੇ ਗਏ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੇਰੂ ਸਰਕਾਰ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।