ਮਾਸਕੋ ਦੇ ਰੈਸਟੋਰੈਂਟ ਨੇੜੇ ਭਿਆਨਕ ਧਮਾਕਾ, 3 ਲੋਕਾਂ ਦੀ ਮੌਤ ਤੇ 21 ਜ਼ਖਮੀ

ਨਿਊਜ਼ ਪੰਜਾਬ

2 ਅਗਸਤ,2026

ਰੂਸ ਦੀ ਰਾਜਧਾਨੀ ਮਾਸਕੋ ਵਿੱਚ ਸ਼ਨੀਵਾਰ ਸ਼ਾਮ ਇੱਕ ਉੱਚ ਪੱਧਰੀ ਰੈਸਟੋਰੈਂਟ ਦੇ ਨੇੜੇ ਹੋਏ ਭਿਆਨਕ ਧਮਾਕੇ ਨੇ ਹੜਕੰਪ ਮਚਾ ਦਿੱਤਾ। ਇਸ ਧਮਾਕੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 21 ਹੋਰ ਜ਼ਖਮੀ ਹੋਏ ਹਨ। ਰੂਸੀ ਅਧਿਕਾਰੀਆਂ ਮੁਤਾਬਕ, ਇੱਕ ਔਰਤ ਵਿਸਫੋਟਕ ਯੰਤਰ ਲੈ ਕੇ ਰੈਸਟੋਰੈਂਟ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਸੁਰੱਖਿਆ ਗਾਰਡ ਵੱਲੋਂ ਰੋਕਣ ‘ਤੇ ਰੈਸਟੋਰੈਂਟ ਦੇ ਗੇਟ ਨੇੜੇ ਹੀ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ ਔਰਤ, ਸੁਰੱਖਿਆ ਗਾਰਡ ਅਤੇ ਇੱਕ ਗਾਹਕ ਦੀ ਮੌਤ ਹੋ ਗਈ। ਸ਼ੁਰੂਆਤੀ ਰਿਪੋਰਟਾਂ ਵਿੱਚ ਗੈਸ ਸਿਲੰਡਰ ਫਟਣ ਦੀ ਗੱਲ ਕਹੀ ਗਈ ਸੀ, ਪਰ ਬਾਅਦ ਵਿੱਚ ਰੂਸੀ ਅੱਤਵਾਦ ਵਿਰੋਧੀ ਕਮੇਟੀ ਨੇ ਸਪੱਸ਼ਟ ਕੀਤਾ ਕਿ ਇਹ ਇੱਕ ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ (ਆਈਈਡੀ) ਸੀ। ਦੱਸਿਆ ਜਾ ਰਿਹਾ ਹੈ ਕਿ ਹਮਲੇ ਦਾ ਨਿਸ਼ਾਨਾ ਰੈਸਟੋਰੈਂਟ ਵਿੱਚ ਚੱਲ ਰਿਹਾ ਇੱਕ ਨਿੱਜੀ ਸਮਾਗਮ ਸੀ, ਜਿੱਥੇ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ।