ਨਿਊਜ਼ ਪੰਜਾਬ
31 ਜੁਲਾਈ,2026
ਪਠਾਨਕੋਟ ਦੇ ਸਰਨਾ ਇਲਾਕੇ ਵਿੱਚ ਛੋਟੀ ਨਹਿਰ ਨੇੜੇ ਸਥਿਤ ਇੱਕ ਟੈਂਕਰ ਮੁਰੰਮਤ ਵਰਕਸ਼ਾਪ ਵਿੱਚ ਸ਼ੁੱਕਰਵਾਰ ਨੂੰ ਵੈਲਡਿੰਗ ਦੌਰਾਨ ਹੋਏ ਭਿਆਨਕ ਧਮਾਕੇ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ, ਜਦਕਿ ਇੱਕ ਹੋਰ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਧਮਾਕੇ ਵਿੱਚ 60 ਸਾਲਾ ਦੌਲਤ ਰਾਮ, ਜੋ ਪਿਛਲੇ ਕਰੀਬ 20 ਸਾਲਾਂ ਤੋਂ ਵਰਕਸ਼ਾਪ ਵਿੱਚ ਫੋਰਮੈਨ ਵਜੋਂ ਕੰਮ ਕਰ ਰਹੇ ਸਨ, ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਵਰਕਸ਼ਾਪ ਦੀ ਟੀਨ ਦੀ ਛੱਤ ਉੱਡ ਕੇ ਦੂਰ ਜਾ ਡਿੱਗੀ ਅਤੇ ਟੈਂਕਰ ਦੇ ਪਰਖੱਚੇ ਉੱਡ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤਾ, ਜਦਕਿ ਜ਼ਖ਼ਮੀ ਕਰਮਚਾਰੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਮੁੱਢਲੀ ਜਾਂਚ ਅਨੁਸਾਰ, ਟੈਂਕਰ ਦੀ ਮੁਰੰਮਤ ਦੌਰਾਨ ਅੰਦਰ ਇਕੱਠੀ ਹੋਈ ਜਲਣਸ਼ੀਲ ਗੈਸ ਨੇ ਵੈਲਡਿੰਗ ਦੀ ਚਿੰਗਾਰੀ ਨਾਲ ਅੱਗ ਫੜ ਲਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਵਰਕਸ਼ਾਪ ਦੇ ਮਾਲਕ ਨੇ ਦੌਲਤ ਰਾਮ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਸਿਰਫ਼ ਇੱਕ ਕਰਮਚਾਰੀ ਨਹੀਂ, ਸਗੋਂ ਪਰਿਵਾਰ ਦੇ ਮੈਂਬਰ ਵਾਂਗ ਸਨ। ਉੱਥੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।
