ਭਾਈ ਬਲਵੰਤ ਸਿੰਘ ਰਾਜੋਆਣਾ ਦਾ ਜਥੇਦਾਰ ਨੂੰ ਮੁੜ ਪੱਤਰ, ਮਾਮਲੇ ‘ਤੇ ਜਲਦ ਠੋਸ ਫ਼ੈਸਲੇ ਦੀ ਕੀਤੀ ਅਪੀਲ

ਨਿਊਜ਼ ਪੰਜਾਬ

22 ਜੁਲਾਈ,2026

ਕੇਂਦਰੀ ਜੇਲ੍ਹ ਪਟਿਆਲਾ ਵਿੱਚ ਲੰਬੇ ਸਮੇਂ ਤੋਂ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਹੋਰ ਪੱਤਰ ਲਿਖ ਕੇ ਆਪਣੇ ਮਾਮਲੇ ਵਿੱਚ ਜਲਦ ਅਤੇ ਸਪੱਸ਼ਟ ਫ਼ੈਸਲਾ ਲੈਣ ਦੀ ਅਪੀਲ ਕੀਤੀ ਹੈ। ਪੱਤਰ ਵਿੱਚ ਉਨ੍ਹਾਂ ਨੇ ਕਿਹਾ ਕਿ ਜੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਸਬੰਧੀ ਅਪੀਲ ‘ਤੇ ਕੋਈ ਫ਼ੈਸਲਾ ਨਹੀਂ ਹੋਣਾ, ਤਾਂ ਇਸ ਨੂੰ ਵਾਪਸ ਲਿਆ ਜਾਵੇ, ਨਹੀਂ ਤਾਂ ਸੰਬੰਧਿਤ ਧਿਰਾਂ ਤੋਂ ਇਸ ਵਿੱਚ ਹੋ ਰਹੀ ਦੇਰੀ ਬਾਰੇ ਜਵਾਬ ਮੰਗਿਆ ਜਾਵੇ।

 

ਰਾਜੋਆਣਾ ਨੇ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਦਾ ਪਾਬੰਦ ਦੱਸਦਿਆਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਸਿੱਖੀ ਸਿਧਾਂਤਾਂ ਅਤੇ ਪਰੰਪਰਾਵਾਂ ਅਨੁਸਾਰ ਜਲਦ ਨਿਆਂ ਦੀ ਉਮੀਦ ਰੱਖਦੇ ਹਨ। ਨਾਲ ਹੀ ਉਨ੍ਹਾਂ ਨੇ ਜੇਲ੍ਹ ਵਿੱਚ ਬਿਤਾਏ 31 ਸਾਲ ਅਤੇ ਫਾਂਸੀ ਦੀ ਚੱਕੀ ਵਿੱਚ 19 ਸਾਲ ਪੂਰੇ ਹੋਣ ਦਾ ਜ਼ਿਕਰ ਕਰਦਿਆਂ ਇਸ ਨੂੰ ਇਨਸਾਫ਼ ਵਿੱਚ ਹੋਈ ਲੰਬੀ ਦੇਰੀ ਦੀ ਮਿਸਾਲ ਕਰਾਰ ਦਿੱਤਾ।