ਕ੍ਰਿਕਟ ਜਗਤ ਨੂੰ ਵੱਡਾ ਝਟਕਾ! ਵੈਸਟਇੰਡੀਜ਼ ਦੇ ਮਹਾਨ ਆਲਰਾਊਂਡਰ ਸਰ ਗਾਰਫੀਲਡ ਸੋਬਰਸ ਦਾ ਦਿਹਾਂਤ

ਨਿਊਜ਼ ਪੰਜਾਬ

18 ਜੁਲਾਈ,2026

ਕ੍ਰਿਕਟ ਜਗਤ ਲਈ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਵੈਸਟਇੰਡੀਜ਼ ਦੇ ਮਹਾਨ ਆਲਰਾਊਂਡਰ ਅਤੇ ਕ੍ਰਿਕਟ ਇਤਿਹਾਸ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਸਰ ਗਾਰਫੀਲਡ ਸੋਬਰਸ ਦਾ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਕ੍ਰਿਕਟ ਦੇ ਇੱਕ ਸੁਨਹਿਰੀ ਯੁੱਗ ਦਾ ਅੰਤ ਹੋ ਗਿਆ ਹੈ। ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਰ ਸੋਬਰਸ ਹਮੇਸ਼ਾ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ। 28 ਜੁਲਾਈ 1936 ਨੂੰ ਬਾਰਬਾਡੋਸ ਵਿੱਚ ਜਨਮੇ ਸੋਬਰਸ ਨੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ 93 ਟੈਸਟ ਮੈਚਾਂ ਵਿੱਚ 8,032 ਦੌੜਾਂ ਬਣਾਈਆਂ, ਜਿਸ ਵਿੱਚ 26 ਸੈਂਕੜੇ ਅਤੇ 30 ਅਰਧ ਸੈਂਕੜੇ ਸ਼ਾਮਲ ਹਨ। ਉਨ੍ਹਾਂ ਦਾ ਅਜੇਤੂ 365 ਦੌੜਾਂ ਦਾ ਸਕੋਰ ਲੰਬੇ ਸਮੇਂ ਤੱਕ ਵਿਸ਼ਵ ਰਿਕਾਰਡ ਰਿਹਾ। ਗੇਂਦਬਾਜ਼ੀ ਵਿੱਚ ਵੀ ਉਨ੍ਹਾਂ ਨੇ 235 ਟੈਸਟ ਵਿਕਟਾਂ ਹਾਸਲ ਕਰਕੇ ਆਪਣੀ ਆਲਰਾਊਂਡ ਕਾਬਲੀਅਤ ਦਾ ਲੋਹਾ ਮਨਵਾਇਆ। ਉਹ ਪਹਿਲੇ ਕ੍ਰਿਕਟਰ ਸਨ ਜਿਨ੍ਹਾਂ ਨੇ ਇੱਕ ਓਵਰ ਵਿੱਚ ਲਗਾਤਾਰ ਛੇ ਛੱਕੇ ਜੜ ਕੇ ਵਿਸ਼ਵ ਰਿਕਾਰਡ ਬਣਾਇਆ। ਪਹਿਲੇ ਦਰਜੇ ਦੀ ਕ੍ਰਿਕਟ ਵਿੱਚ ਵੀ ਉਨ੍ਹਾਂ ਦਾ ਰਿਕਾਰਡ ਸ਼ਾਨਦਾਰ ਰਿਹਾ, ਜਿੱਥੇ ਉਨ੍ਹਾਂ ਨੇ 28 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਅਤੇ 1,000 ਤੋਂ ਵੱਧ ਵਿਕਟਾਂ ਆਪਣੇ ਨਾਮ ਕੀਤੀਆਂ। ਸਰ ਗਾਰਫੀਲਡ ਸੋਬਰਸ ਦਾ ਨਾਮ ਹਮੇਸ਼ਾ ਕ੍ਰਿਕਟ ਇਤਿਹਾਸ ਦੇ ਮਹਾਨਤਮ ਆਲਰਾਊਂਡਰਾਂ ਵਿੱਚ ਸਨਮਾਨ ਨਾਲ ਲਿਆ ਜਾਂਦਾ ਰਹੇਗਾ।