ਨਿਊਜ਼ ਪੰਜਾਬ
18 ਜੁਲਾਈ,2026
ਪੰਜਾਬ ਪੁਲਿਸ ਨੇ ਹੁਸ਼ਿਆਰਪੁਰ ਦੇ ਟਾਂਡਾ ਥਾਣੇ ਦੇ ਸਾਬਕਾ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ 4 ਕਰੋੜ ਰੁਪਏ ਦੀ ਕਥਿਤ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਨਾਗਰਾ ਦਾ ਨਾਮ ਐਫਬੀਆਈ ਦੇ “ਆਪ੍ਰੇਸ਼ਨ ਹਾਰਡਬਾਲ” ਦੌਰਾਨ ਸਾਹਮਣੇ ਆਇਆ ਸੀ, ਜਿਸ ਵਿੱਚ ਅੰਤਰਰਾਸ਼ਟਰੀ ਗੈਂਗਸਟਰ ਨੈੱਟਵਰਕ ਅਤੇ ਜੱਗੂ ਭਗਵਾਨਪੁਰੀਆ ਨਾਲ ਜੁੜੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਸੀ। ਦੋਸ਼ ਹੈ ਕਿ ਉਸ ਨੇ ਇੱਕ ਗੈਂਗ ਨੈੱਟਵਰਕ ਨਾਲ ਮਿਲ ਕੇ ਅਮਰੀਕਾ ਵਿੱਚ ਰਹਿੰਦੇ ਇੱਕ ਪਰਿਵਾਰ ਤੋਂ ਕੇਸ ਵਿੱਚੋਂ ਨਾਮ ਕੱਢਣ ਦੇ ਬਦਲੇ ਕਰੀਬ 4 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਾਗਰਾ ਨੂੰ ਪਹਿਲਾਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਡੀਆਈਜੀ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਸਨ। ਜਾਂਚ ਪੂਰੀ ਹੋਣ ਉਪਰੰਤ ਉਸ ਖ਼ਿਲਾਫ਼ ਜਬਰਦਸਤੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਮਾਮਲਾ ਟਾਂਡਾ ਦੇ ਮਿਆਣੀ ਪਿੰਡ ਵਿੱਚ ਹੋਏ ਇੱਕ ਕਤਲ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਅਮਰੀਕਾ ਵਿੱਚ ਰਹਿੰਦੇ ਸੇਵਾਮੁਕਤ ਏਐਸਆਈ ਚਰਨਜੀਤ ਸਿੰਘ ਨੇ ਦੋਸ਼ ਲਗਾਇਆ ਕਿ ਐਸਐਚਓ ਨੇ ਉਨ੍ਹਾਂ ਦਾ ਨਾਮ ਕੇਸ ਵਿੱਚੋਂ ਹਟਾਉਣ ਦੇ ਬਦਲੇ ਵੱਡੀ ਰਕਮ ਦੀ ਮੰਗ ਕੀਤੀ ਸੀ। ਸ਼ਿਕਾਇਤ ਐਫਬੀਆਈ ਤੱਕ ਪਹੁੰਚਣ ਤੋਂ ਬਾਅਦ ਇਹ ਮਾਮਲਾ ਅੰਤਰਰਾਸ਼ਟਰੀ ਜਾਂਚ ਦਾ ਹਿੱਸਾ ਬਣਿਆ ਅਤੇ ਹੁਣ ਪੰਜਾਬ ਪੁਲਿਸ ਵੱਲੋਂ ਵੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ।
