‘ਆਪ’ ਨੂੰ ਵੱਡਾ ਝਟਕਾ! ਜਿੱਤੇ ਹੋਏ ਕੌਂਸਲਰ ਕਾਂਗਰਸ ਵਿੱਚ ਹੋਏ ਸ਼ਾਮਲ, ਨਗਰ ਕੌਂਸਲ ਦੀ ਸਿਆਸਤ ਗਰਮਾਈ

ਨਿਊਜ਼ ਪੰਜਾਬ

23 ਜੂਨ,2026

ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ ਜਦੋਂ ਟਿਕਟ ਨਾ ਮਿਲਣ ਕਾਰਨ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤਣ ਵਾਲੀਆਂ ਸਾਬਕਾ ਨਗਰ ਕੌਂਸਲ ਪ੍ਰਧਾਨਾਂ ਅਨੁਰਾਧਾ ਬਾਲੀ ਅਤੇ ਲਕਸ਼ਮੀ ਵਰਮਾ ਕਾਂਗਰਸ ਵਿੱਚ ਸ਼ਾਮਲ ਹੋ ਗਈਆਂ। ਕਾਂਗਰਸੀ ਵਿਧਾਇਕ ਨਰੇਸ਼ ਪੁਰੀ ਦੀ ਮੌਜੂਦਗੀ ਵਿੱਚ ਦੋਵਾਂ ਨੇ ਪਾਰਟੀ ਦਾ ਪੱਲਾ ਫੜਿਆ, ਜਿਸ ਨਾਲ ਨਗਰ ਕੌਂਸਲ ਵਿੱਚ ਕਾਂਗਰਸ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ। ਸਿਆਸੀ ਮਾਹਿਰਾਂ ਅਨੁਸਾਰ ਜੇਕਰ ਕਾਂਗਰਸ ਨੂੰ ਕਿਸੇ ਹੋਰ ਆਜ਼ਾਦ ਕੌਂਸਲਰ ਦਾ ਸਮਰਥਨ ਮਿਲ ਜਾਂਦਾ ਹੈ ਤਾਂ ਉਹ ਨਗਰ ਕੌਂਸਲ ਪ੍ਰਧਾਨ ਦੇ ਅਹੁਦੇ ਲਈ ਵੀ ਆਪਣਾ ਦਾਅ ਮਜ਼ਬੂਤ ਕਰ ਸਕਦੀ ਹੈ। ਟਿਕਟ ਵੰਡ ਨੂੰ ਲੈ ਕੇ ਪੈਦਾ ਹੋਈ ਨਾਰਾਜ਼ਗੀ ਹੁਣ ‘ਆਪ’ ਲਈ ਮੁਸ਼ਕਲਾਂ ਦਾ ਕਾਰਨ ਬਣਦੀ ਨਜ਼ਰ ਆ ਰਹੀ ਹੈ, ਜਦਕਿ ਕਾਂਗਰਸ ਇਸ ਸਿਆਸੀ ਬਦਲਾਅ ਨੂੰ ਆਪਣੇ ਹੱਕ ਵਿੱਚ ਮੋੜਨ ਦੀ ਕੋਸ਼ਿਸ਼ ਕਰ ਰਹੀ ਹੈ।