ਲਹਿਰਾ ਮੁਹੱਬਤ ਥਰਮਲ ਪਲਾਂਟ ਠੱਪ, ਪੰਜਾਬ ‘ਚ ਬਿਜਲੀ ਸੰਕਟ ਗਹਿਰਾਇਆ; 900 ਮੈਗਾਵਾਟ ਉਤਪਾਦਨ ਪ੍ਰਭਾਵਿਤ

ਨਿਊਜ਼ ਪੰਜਾਬ

21 ਜੂਨ,2026

ਪੰਜਾਬ ਵਿੱਚ ਬਿਜਲੀ ਸੰਕਟ ਨੇ ਇੱਕ ਵਾਰ ਫਿਰ ਗੰਭੀਰ ਰੂਪ ਧਾਰ ਲਿਆ ਹੈ। ਬਠਿੰਡਾ ਸਥਿਤ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਸਾਰੇ ਚਾਰ ਯੂਨਿਟ ਬੰਦ ਹੋ ਜਾਣ ਕਾਰਨ ਸੂਬੇ ਨੂੰ ਵੱਡੇ ਪੱਧਰ ‘ਤੇ ਬਿਜਲੀ ਉਤਪਾਦਨ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਕਰੀਬ 900 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਸਪਲਾਈ ‘ਤੇ ਅਸਰ ਪੈਣ ਦੀ ਸੰਭਾਵਨਾ ਵੱਧ ਗਈ ਹੈ। ਪਲਾਂਟ ਦੇ ਕਰਮਚਾਰੀ ਪਿਛਲੇ 11 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ‘ਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਸੇਵਾਵਾਂ ਨਿਭਾ ਰਹੇ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਨਾਲ ਕੀਤੇ ਗਏ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ। ਦੂਜੇ ਪਾਸੇ ਥਰਮਲ ਪਲਾਂਟ ਪ੍ਰਬੰਧਨ ਦਾ ਕਹਿਣਾ ਹੈ ਕਿ ਰਾਖ (ਸੁਆਹ) ਦੀ ਵੱਡੀ ਮਾਤਰਾ ਇਕੱਠੀ ਹੋ ਜਾਣ ਅਤੇ ਲੋੜੀਂਦਾ ਸਟਾਫ਼ ਨਾ ਹੋਣ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਯੂਨਿਟ ਬੰਦ ਕਰਨੇ ਪਏ ਹਨ। ਗਰਮੀ ਦੇ ਮੌਸਮ ਦੌਰਾਨ ਜਦੋਂ ਬਿਜਲੀ ਦੀ ਮੰਗ ਆਪਣੇ ਸਿਖਰ ‘ਤੇ ਹੁੰਦੀ ਹੈ, ਅਜਿਹੇ ਸਮੇਂ ਪਲਾਂਟ ਦਾ ਬੰਦ ਹੋਣਾ ਸਰਕਾਰ ਅਤੇ ਬਿਜਲੀ ਵਿਭਾਗ ਲਈ ਵੱਡੀ ਚੁਣੌਤੀ ਬਣ ਗਿਆ ਹੈ। ਹੁਣ ਲੋਕਾਂ ਦੀਆਂ ਨਜ਼ਰਾਂ ਸਰਕਾਰ ਅਤੇ ਕਰਮਚਾਰੀਆਂ ਵਿਚਾਲੇ ਹੋਣ ਵਾਲੀਆਂ ਗੱਲਬਾਤਾਂ ‘ਤੇ ਟਿਕੀਆਂ ਹੋਈਆਂ ਹਨ ਤਾਂ ਜੋ ਇਸ ਸੰਕਟ ਦਾ ਜਲਦ ਤੋਂ ਜਲਦ ਹੱਲ ਕੱਢਿਆ ਜਾ ਸਕੇ ਅਤੇ ਬਿਜਲੀ ਉਤਪਾਦਨ ਮੁੜ ਪਟੜੀ ‘ਤੇ ਆ ਸਕੇ।