ਨਿਊਜ਼ ਪੰਜਾਬ
11 ਜੂਨ,2026
ਪੰਜਾਬ ਦੇ ਮੋਰਿੰਡਾ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਮਾਸੂਮ ਬੱਚੀ ਦੀ ਮੌਤ ਹੋ ਜਾਣ ਨਾਲ ਇਲਾਕੇ ਵਿੱਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਬੁੱਧਵਾਰ ਦੁਪਹਿਰ ਵਾਪਰੀ ਇਸ ਦਰਦਨਾਕ ਘਟਨਾ ਵਿੱਚ ਬਾਜ਼ਾਰ ਤੋਂ ਦੁੱਧ ਲੈਣ ਜਾ ਰਹੀ ਬੱਚੀ ‘ਤੇ ਕਰੀਬ ਛੇ ਅਵਾਰਾ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ।
ਸੀਸੀਟੀਵੀ ਫੁਟੇਜ ਵਿੱਚ ਕੁੱਤਿਆਂ ਵੱਲੋਂ ਬੱਚੀ ਦਾ ਪਿੱਛਾ ਕਰਕੇ ਉਸ ਨੂੰ ਜ਼ਮੀਨ ‘ਤੇ ਸੁੱਟਣ ਅਤੇ ਨੋਚਣ ਦੀ ਭਿਆਨਕ ਤਸਵੀਰ ਕੈਦ ਹੋਈ ਹੈ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਪਹਿਲਾਂ ਨਿੱਜੀ ਹਸਪਤਾਲ ਅਤੇ ਬਾਅਦ ਵਿੱਚ ਚੰਡੀਗੜ੍ਹ ਦੇ ਪੀਜੀਆਈ ਭੇਜਿਆ ਗਿਆ, ਪਰ ਡਾਕਟਰ ਉਸ ਦੀ ਜਾਨ ਨਹੀਂ ਬਚਾ ਸਕੇ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਦੀ ਲਾਪਰਵਾਹੀ ‘ਤੇ ਰੋਸ ਜਤਾਉਂਦਿਆਂ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਪੱਕੇ ਹੱਲ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
