
ਰਿਪੋਰਟ : ਪਰਮਜੀਤ ਸਿੰਘ ਭੰਗੂ / ਗੁਰਦੀਸ਼ ਕੌਰ ਗਰੇਵਾਲ
ਕੈਲਗਰੀ: 7 ਜੂਨ ਦਿਨ ਐਤਵਾਰ ਨੂੰ, ਸ਼ਿਵਾਲਿਕ ਟੀ ਵੀ ਚੈਨਲ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸਿਤਾਰਿਆਂ ਦਾ ਕੈਨੇਡਾ ਦੀ ਧਰਤੀ ਤੇ ਸਨਮਾਨ ਕਰਨ ਲਈ, ਇੰਡੀਅਨ ਐਕਸ ਸਰਵਿਮੈਨ ਇੰਮੀਗਰਾਂਟ ਐਸੋਸੀਏਸ਼ਨ ਦੇ ਹਾਲ ਵਿੱਚ,
ਇੰਡੋ-ਕੈਨੇਡੀਅਨ ਸੰਸਥਾ ਦੇ ਪ੍ਰਧਾਨ ਜਰਨੈਲ ਸਿੰਘ ਤੱਗੜ ਦੀ ਪ੍ਰਧਾਨਗੀ ਹੇਠ, ਵਿਸ਼ਾਲ ਸਮਾਗਮ ਕਰਵਾਇਆ ਗਿਆ।
ਮੁੱਖ ਮਹਿਮਾਨ ਦੇ ਤੌਰ ਤੇ ਜਨਾਬ ਇਰਫਾਨ ਸਬੀਰ ਐਮ ਐਲ ਏ ਕੈਲਗਰੀ, ਵਿਸ਼ੇਸ਼ ਮਹਿਮਾਨ ਗੁਰਿੰਦਰ ਸਿੰਘ ਬਰਾੜ ਐਮ ਐਲ ਏ ਅਤੇ ਭਾਰਤ ਤੋਂ ਉਚੇਚੇ ਤੌਰ ਤੇ ਆਏ ਸ਼ਿਵਾਲਿਕ ਟੀ ਵੀ ਚੈਨਲ ਦੇ ਚੀਫ ਐਡੀਟਰ ਭੁਪਿੰਦਰ ਸਿੰਘ ਭਾਗੋਮਾਜਰਾ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਉੱਘੀ ਸਾਹਿਤਕਾਰਾ ਗੁਰਚਰਨ ਕੌਰ ਥਿੰਦ ਵੀ ਸ਼ਾਮਿਲ ਹੋਏ।
ਜਨਾਬ ਇਰਫਾਨ ਸਬੀਰ ਨੇ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ, ਕੈਨੇਡਾ ਸਰਕਾਰ ਵੱਲੋਂ ਸੀਨੀਅਰਜ਼ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਸਰਾਹਨਾ ਕੀਤੀ ਅਤੇ ਅਲਬਰਟਾ ਐਸੰਬਲੀ ਵਿੱਚ ਦਿੱਤੇ ਜਾ ਰਹੇ ਸਾਥ ਲਈ ਆਪਣੇ ਸਾਥੀਆਂ ਦਾ ਧੰਨਵਾਦ ਵੀ ਕੀਤਾ। ਗੁਰਿੰਦਰ ਸਿੰਘ ਬਰਾੜ ਐਮ ਐਲ ਏ ਨੇ ਕਿਹਾ ਕਿ ਅਸੀਂ ਸੱਤ ਸਮੁੰਦਰੋਂ ਪਾਰ ਆ ਕੇ, ਪਹਿਲਾਂ ਆਪਣੀ ਰੋਜ਼ੀ ਰੋਟੀ ਕਮਾਈ, ਫਿਰ ਰਾਜਨੀਤੀ ਵਿੱਚ ਆ ਕੇ ਪੰਜਾਬੀਆਂ ਦੀ ਸੇਵਾ ਕਰ ਰਹੇ ਹਾਂ। ਉਹਨਾਂ ਨੇ ਏਥੋਂ ਦੇ ਮੂਲ ਨਿਵਾਸੀਆਂ ਦਾ ਧੰਨਵਾਦ ਕਰਨ ਉਪਰੰਤ, ਆਪਣੇ ਸਭਿਆਚਾਰ ਖਾਸ ਕਰਕੇ ਪੰਜਾਬੀਅਤ ਤੇ ਡੱਟ ਕੇ ਪਹਿਰਾ ਦੇਣ ਦੀ ਲੋੜ ਤੇ ਜ਼ੋਰ ਦਿੱਤਾ। ਬਰਾੜ ਨੇ ਸੋਸ਼ਲ ਮੀਡੀਏ ਦੀ ਨੈਸ਼ਨਲ ਮੀਡੀਏ ਨਾਲ ਤੁਲਨਾ ਕਰਦੇ ਹੋਏ ਕਿਹਾ- ਕਿ ਅਸਲ ਵਿੱਚ ਗਰਾਉਂਡ ਰਿਐਲਿਟੀ ਤਾਂ ਸੋਸ਼ਲ ਮੀਡੀਆ ਹੀ ਦਿਖਾ ਰਿਹਾ ਹੈ, ਨੈਸ਼ਨਲ ਮੀਡੀਆ ਨਹੀਂ।
ਉੱਘੀ ਲੇਖਕਾ ਗੁਰਚਰਨ ਕੌਰ ਥਿੰਦ ਨੇ ਕਿਹਾ ਕਿ- ਕੈਨੇਡਾ ਮਲਟੀਕਲਚਰਲ ਦੇਸ਼ ਹੈ, ਏਥੇ ਵੱਖੋ ਵੱਖ ਦੇਸ਼ਾਂ ਦੇ ਲੋਕ ਰਹਿੰਦੇ ਹਨ ਪਰ ਸਾਡੇ ਪੰਜਾਬੀ ਵੀ ਭਾਰੀ ਗਿਣਤੀ ਵਿੱਚ ਹਨ। ਸੋ ਸਾਡਾ ਪੰਜਾਬੀ ਸਭਿਆਚਾਰ ਵੀ ਕਿਸੇ ਤੋਂ ਘੱਟ ਨਹੀਂ।
ਉੱਘੀ ਸਾਹਿਤਕਾਰਾ ਗੁਰਦੀਸ਼ ਕੌਰ ਗਰੇਵਾਲ ਨੇ ਆਪਣੇ ਸ਼ਾਇਰੀ ਅੰਦਾਜ਼, ਵਿੱਚ ਮਾਨ ਸਨਮਾਨ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਆਪਣੀ ਵਾਰਤਕ ਦੀ ਪੁਸਤਕ ਪੁਸਤਕ ‘ਮੋਹ ਦੀਆਂ ਤੰਦਾਂ’ ਭੁਪਿੰਦਰ ਸਿੰਘ ਜੀ ਨੂੰ ਭੇਂਟ ਕੀਤੀ। ਉਨ੍ਹਾਂ ਨੇ ਪੰਜਾਬੀਆਂ ਨੂੰ ਚੰਗੀਆਂ ਅਤੇ ਮਿਆਰੀ ਪੁਸਤਕਾਂ ਪੜ੍ਹਨ, ਤੇ ਨਵੀਂ ਪੀੜ੍ਹੀ ਨੂੰ ਮਾਂ ਬੋਲੀ ਅਤੇ ਸਾਹਿਤ ਨਾਲ ਜੋੜਨ ਦੀ ਸਲਾਹ ਦਿੱਤੀ।
ਭੁਪਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ- ਜਿੱਥੇ ਪੰਜਾਬੀ ਸਾਡੀ ਮਾਂ ਬੋਲੀ ਹੈ, ਸਾਡੀ ਮਾਤਾ ਹੈ, ਉਥੇ ਅੰਗਰੇਜ਼ੀ ਸਾਡੀ ਮਾਸੀ, ਹਿੰਦੀ ਸਾਡੀ ਭੂਆ ਅਤੇ ਉਰਦੂ ਆਦਿ ਭਾਸ਼ਾਵਾਂ ਨਾਲ ਵੀ ਸਾਡਾ ਗਹਿਰਾ ਰਿਸ਼ਤਾ ਹੈ। ਸਾਨੂੰ ਸਾਰੀਆਂ ਭਾਸ਼ਾਵਾਂ ਨਾਲ ਪਿਆਰ ਕਰਨਾ ਚਾਹੀਦਾ ਹੈ- ਪਰ ਪਹਿਲ ਆਪਣੀ ਮਾਂ ਬੋਲੀ ਨੂੰ ਹੀ ਦੇਣੀ ਬਣਦੀ ਹੈ। ਉਨ੍ਹਾਂ ਨੇ ਪੰਜਾਬੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ- ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੇ ਸੱਭਿਆਚਾਰ ਦੇ ਝੰਡੇ ਬੁਲੰਦ ਕਰਦੇ ਹਨ। ਉਹਨਾਂ ਨੇ ਲੇਖਕਾਂ ਦੀਆਂ ਮਿਆਰੀ ਪੁਸਤਕਾਂ ਕੈਨੇਡਾ ਦੀਆਂ ਲਾਇਬਰੇਰੀਆਂ ਵਿੱਚ ਰੱਖਣ ਤੇ ਜ਼ੋਰ ਦਿਤਾ, ਤਾਂ ਕਿ ਆਉਣ ਵਾਲੀ ਪੀੜ੍ਹੀ ਸਾਹਿਤ ਨਾਲ ਜੁੜ ਸਕੇ।
ਕਵੀ ਦਰਬਾਰ ਵਿੱਚ ਸੁਖਵਿੰਦਰ ਸਿੰਘ ਤੂਰ, ਗੁਰਦੀਸ਼ ਕੌਰ ਗਰੇਵਾਲ, ਗੁਰਦੀਪ ਸਿੰਘ ਧਾਲੀਵਾਲ, ਜਸਵੀਰ ਸਿੰਘ ਸਹੋਤਾ, ਡਾ. ਹਰਮਿੰਦਰਪਾਲ ਸਿੰਘ, ਮਾ. ਗੁਰਮੇਲ ਸਿੰਘ, ਜਸਵੰਤ ਸਿੰਘ ਸੇਖੋਂ, ਸਰਬਜੀਤ ਕੌਰ ਉੱਪਲ, ਜਰਨੈਲ ਤੱਗੜ, ਮੋਹਨ ਸਿੰਘ ਪਪਰਾਲਾ ਅਤੇ ਸੁਭਾਸ਼ ਸਰਮਾ ਆਦਿ ਸਹਿਤਕਾਰਾਂ ਨੇ ਆਪੋ ਆਪਣੇ ਫਨ ਦਾ ਮੁਜ਼ਾਹਰਾ ਕੀਤਾ।
ਆਖਰ ਵਿੱਚ ਸ਼ਿਵਾਲਿਕ ਟੀ ਵੀ ਚੈਨਲ ਵੱਲੋਂ ਪੰਜਾਬੀ ਸਿਤਾਰਿਆਂ ਦਾ ਵਿਸ਼ੇਸ਼ ਸਨਮਾਨ ਚਿੰਨ੍ਹ ਅਤੇ ਮੈਡਲ ਨਾਲ ਸਨਮਾਨ ਕੀਤਾ ਗਿਆ- ਜਿਨ੍ਹਾਂ ਵਿੱਚ ਜਨਾਬ ਇਰਫਾਨ ਸਬੀਰ, ਗੁਰਿੰਦਰ ਸਿੰਘ ਬਰਾੜ, ਜਰਨੈਲ ਤੱਗੜ, ਗੁਰਦੀਸ਼ ਕੌਰ ਗਰੇਵਾਲ, ਸਰਬਜੀਤ ਕੌਰ ਉੱਪਲ, ਗੁਰਚਰਨ ਕੌਰ ਥਿੰਦ, ਡਾ. ਹਰਮਿੰਦਪਾਲ ਸਿੰਘ, ਜਸਵੰਤ ਸਿੰਘ ਸੇਖੋਂ, ਸੁਖਵਿੰਦਰ ਤੂਰ, ਮਾ. ਗੁਰਮੇਲ ਸਿੰਘ ਸੰਧੂ, ਸੁਭਾਸ਼ ਸ਼ਰਮਾ, ਪਰਮਜੀਤ ਸਿੰਘ ਭੰਗੂ, ਜੈ ਸਿੰਘ ਉੱਪਲ ਅਤੇ ਦਵਿੰਦਰ ਮਲਹਾਂਸ ਸ਼ਾਮਲ ਸਨ।
ਸਟੇਜ ਦੀ ਕਾਰਵਾਈ ਉੱਘੇ ਪੱਤਰਕਾਰ ਪਰਮਜੀਤ ਸਿੰਘ ਭੰਗੂ ਅਤੇ ‘ਬਾਤ ਪੰਜਾਬ ਦੀ’ ਚੈਨਲ ਤੋਂ ਆਏ ਸੁਭਾਸ਼ ਸ਼ਰਮਾ ਨੇ ਰਲ਼ ਕੇ ਕੀਤੀ। ਦੱਸਣਾ ਇਹ ਵੀ ਬਣਦਾ ਹੈ ਕਿ ਇਸ ਸਮਾਗਮ ਵਿੱਚ ਭਾਰੀ ਗਿਣਤੀ ਵਿੱਚ ਪੰਜਾਬੀਆਂ ਨੇ ਸ਼ਮੂਲੀਅਤ ਕੀਤੀ। ਆਖਰ ਵਿੱਚ ਸਮਾਗਮ ਵਿਚ ਪਹੁੰਚੇ ਸਾਹਿਤਕਾਰਾਂ ਅਤੇ ਸਰੋਤਿਆਂ ਦਾ ਡਾ. ਹਰਮਿੰਦਰਪਾਲ ਸਿੰਘ ਨੇ ਧੰਨਵਾਦ ਕੀਤਾ। ਇਸ ਤਰਾਂ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।
ਸਨਮਾਨ ਸਮਾਰੋਹ ਦੀਆਂ ਝੱਲਕੀਆਂ











