ਬਰਨਾਲਾ ‘ਚ ਮਸ਼ਹੂਰ ਕਬੱਡੀ ਖਿਡਾਰੀ ਪ੍ਰਗਟ ਸਿੰਘ ਬੱਗੜ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਨਹਿਰ ‘ਚੋਂ ਮਿਲੀ ਲਾਸ਼

ਨਿਊਜ਼ ਪੰਜਾਬ

4 ਜੂਨ,2026

ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿੱਚ ਮਸ਼ਹੂਰ ਕਬੱਡੀ ਖਿਡਾਰੀ ਪ੍ਰਗਟ ਸਿੰਘ ਉਰਫ਼ ਬੱਗੜ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹਰੀਗੜ੍ਹ ਪਿੰਡ ਦੇ ਵਸਨੀਕ ਪ੍ਰਗਟ ਸਿੰਘ ਦੀ ਲਾਸ਼ ਧਨੌਲਾ-ਬਰਨਾਲਾ ਸੜਕ ਨੇੜੇ ਇੱਕ ਨਹਿਰ ਵਿੱਚੋਂ ਬਰਾਮਦ ਹੋਈ। ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਮੈਰੀਲੈਂਡ ਰਿਜ਼ੋਰਟ ਕੋਲ ਨਹਿਰ ਦੇ ਕੰਢੇ ਇੱਕ ਮੋਟਰਸਾਈਕਲ ਲੰਬੇ ਸਮੇਂ ਤੱਕ ਖੜ੍ਹਾ ਦੇਖ ਕੇ ਸਥਾਨਕ ਵਿਅਕਤੀ ਨੂੰ ਸ਼ੱਕ ਹੋਇਆ। ਨਹਿਰ ਵਿੱਚ ਦੇਖਣ ‘ਤੇ ਇੱਕ ਨੌਜਵਾਨ ਦੀ ਲਾਸ਼ ਤੈਰਦੀ ਮਿਲੀ, ਜਿਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕੱਢਿਆ ਅਤੇ ਜਾਂਚ ਸ਼ੁਰੂ ਕੀਤੀ। ਪਿੰਡ ਵਾਸੀਆਂ ਅਨੁਸਾਰ ਪ੍ਰਗਟ ਸਿੰਘ ਆਪਣੇ ਪਰਿਵਾਰ ਅਤੇ ਮਰਹੂਮ ਭਰਾ ਦੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣ ਲਈ ਆਰਥਿਕ ਅਤੇ ਮਾਨਸਿਕ ਦਬਾਅ ਹੇਠ ਸੀ। ਪਰਿਵਾਰ ਵੱਲੋਂ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਇਨਕਾਰ ਕਰਨ ਉਪਰੰਤ ਪੁਲਿਸ ਨੇ ਲੋੜੀਂਦੀ ਕਾਰਵਾਈ ਪੂਰੀ ਕਰਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਉਸ ਦਾ ਅੰਤਿਮ ਸੰਸਕਾਰ ਗਮਗੀਨ ਮਾਹੌਲ ਵਿੱਚ ਕੀਤਾ ਗਿਆ।