ਖੰਨਾ ‘ਚ ਅਕਾਲੀ ਆਗੂ ਹਨੀ ਰੋਸ਼ਾ ਗ੍ਰਿਫ਼ਤਾਰ, ਚੋਣ ਜਿੱਤ ਦੇ ਜਸ਼ਨ ਦੌਰਾਨ ਹੰਗਾਮੇ ਦੇ ਦੋਸ਼

ਨਿਊਜ਼ ਪੰਜਾਬ

31 ਮਈ 2026

ਲੁਧਿਆਣਾ ਦੇ ਖੰਨਾ ਸ਼ਹਿਰ ਵਿੱਚ ਨਗਰ ਕੌਂਸਲ ਚੋਣਾਂ ਤੋਂ ਬਾਅਦ ਹੋਏ ਕਥਿਤ ਹੰਗਾਮੇ ਦੇ ਮਾਮਲੇ ਵਿੱਚ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਦੀਪ ਸਿੰਘ ਉਰਫ਼ ਹਨੀ ਰੋਸ਼ਾ ਅਤੇ ਉਸਦੇ ਭਤੀਜੇ ਕਰਨ ਰੋਸ਼ਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ ਹੈ ਕਿ ਚੋਣ ਜਿੱਤਣ ਤੋਂ ਬਾਅਦ ਹਨੀ ਰੋਸ਼ਾ ਆਪਣੇ ਸਮਰਥਕਾਂ ਨਾਲ ਆਮ ਆਦਮੀ ਪਾਰਟੀ ਦੇ ਹਾਰੇ ਹੋਏ ਉਮੀਦਵਾਰ ਪ੍ਰਦੀਪ ਕੁਮਾਰ ਉਰਫ਼ ਸੋਨੂ ਜੌਹਰ ਦੇ ਘਰ ਬਾਹਰ ਪਹੁੰਚੇ, ਜਿੱਥੇ ਪਟਾਕੇ ਚਲਾਉਣ, ਉੱਚੀ ਆਵਾਜ਼ ਵਿੱਚ ਗਾਣੇ ਵਜਾਉਣ ਅਤੇ ਵਿਰੋਧ ਕਰਨ ‘ਤੇ ਬਹਿਸ ਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਸ਼ਿਕਾਇਤ ਵਿੱਚ ਇੱਕ ਗਰਭਵਤੀ ਮਹਿਲਾ ਨਾਲ ਧੱਕਾ-ਮੁੱਕੀ ਅਤੇ ਬਦਸਲੂਕੀ ਦੇ ਦੋਸ਼ ਵੀ ਸ਼ਾਮਲ ਹਨ। ਪੁਲਿਸ ਨੂੰ ਘਟਨਾ ਦੀ CCTV ਫੁਟੇਜ ਵੀ ਮਿਲੀ ਹੈ, ਜਿਸ ਦੇ ਆਧਾਰ ‘ਤੇ ਦੋ ਦਰਜਨ ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਨਾਮਜ਼ਦ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।