ਸਨਟੇਕ ਸਿਟੀ ਮਾਮਲੇ ’ਚ ਅਜੇ ਸਹਿਗਲ ਈਡੀ ਵੱਲੋਂ ਗ੍ਰਿਫ਼ਤਾਰ

ਨਿਊਜ਼ ਪੰਜਾਬ

22 ਮਈ 2026

ਸਨਟੇਕ ਸਿਟੀ ਪ੍ਰੋਜੈਕਟ ਨਾਲ ਜੁੜੇ ਕਥਿਤ ਸੀ.ਐਲ.ਯੂ. ਘੁਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਜੇ ਸਹਿਗਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਨੀਵਾਰ ਨੂੰ ਉਸ ਨੂੰ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ 27 ਮਈ ਤੱਕ ਈਡੀ ਰਿਮਾਂਡ ’ਤੇ ਭੇਜਣ ਦੇ ਹੁਕਮ ਦਿੱਤੇ ਹਨ।

ਈਡੀ ਅਨੁਸਾਰ, ਅਜੇ ਸਹਿਗਲ ਖ਼ਿਲਾਫ਼ ਈ.ਸੀ.ਆਈ.ਆਰ. 17 ਸਤੰਬਰ ਨੂੰ ਦਰਜ ਕੀਤਾ ਗਿਆ ਸੀ। ਇਹ ਕਾਰਵਾਈ ਮੁੱਲਾਂਪੁਰ ਥਾਣੇ ਵਿੱਚ ਸਾਲ 2022 ਦੌਰਾਨ ਦਰਜ ਐਫ਼.ਆਈ.ਆਰ. ਦੇ ਆਧਾਰ ’ਤੇ ਕੀਤੀ ਗਈ, ਜਿਸ ਵਿੱਚ ਧੋਖਾਧੜੀ, ਜਾਅਲਸਾਜ਼ੀ ਅਤੇ ਸਾਜ਼ਿਸ਼ ਨਾਲ ਸੰਬੰਧਿਤ ਧਾਰਾਵਾਂ ਸ਼ਾਮਲ ਹਨ।

ਜਾਂਚ ਦੌਰਾਨ ਈਡੀ ਨੂੰ ਪਤਾ ਲੱਗਿਆ ਕਿ ਸਨਟੇਕ ਸਿਟੀ ਪ੍ਰੋਜੈਕਟ ਲਈ ਲਗਭਗ 108.58 ਏਕੜ ਜ਼ਮੀਨ ਦਰਸਾਈ ਗਈ ਸੀ, ਜਦਕਿ ਪ੍ਰੋਜੈਕਟ ਮਾਲਕਾਂ ਦੇ ਨਾਂ ’ਤੇ ਸਿਰਫ਼ 43 ਏਕੜ ਜ਼ਮੀਨ ਹੀ ਮੌਜੂਦ ਸੀ। ਬਾਕੀ ਜ਼ਮੀਨ ਹੋਰ ਕਿਸਾਨਾਂ ਦੀ ਦੱਸੀ ਜਾ ਰਹੀ ਹੈ। ਈਡੀ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਦਸਤਾਵੇਜ਼ੀ ਸਬੂਤਾਂ ਅਤੇ ਮਨੀ ਟ੍ਰੇਲ ਦੀ ਹੋਰ ਜਾਂਚ ਲਈ ਅਜੇ ਸਹਿਗਲ ਦੀ ਹਿਰਾਸਤੀ ਪੁੱਛਗਿੱਛ ਲਾਜ਼ਮੀ ਹੈ।

ਦੂਜੇ ਪਾਸੇ, ਬਚਾਅ ਪੱਖ ਦੇ ਵਕੀਲਾਂ ਨੇ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਸਾਰੇ ਲੋੜੀਂਦੇ ਦਸਤਾਵੇਜ਼ ਪਹਿਲਾਂ ਹੀ ਜਾਂਚ ਏਜੰਸੀ ਕੋਲ ਮੌਜੂਦ ਹਨ ਅਤੇ ਹੋਰ ਹਿਰਾਸਤੀ ਪੁੱਛਗਿੱਛ ਦੀ ਲੋੜ ਨਹੀਂ।

ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਅਤੇ ਕਥਿਤ ਅਪਰਾਧਿਕ ਆਮਦਨ ਦੀ ਜਾਂਚ ਨੂੰ ਧਿਆਨ ਵਿੱਚ ਰੱਖਦਿਆਂ ਈਡੀ ਰਿਮਾਂਡ ਮਨਜ਼ੂਰ ਕਰ ਲਿਆ। ਇਹ ਕਾਰਵਾਈ ਉਸੇ ਛਾਪੇਮਾਰੀ ਨਾਲ ਜੁੜੀ ਮੰਨੀ ਜਾ ਰਹੀ ਹੈ, ਜਿਸ ਦੌਰਾਨ ਖਰੜ ਦੀ ਇੱਕ ਸੁਸਾਇਟੀ ਦੀ ਨੌਵੀਂ ਮੰਜ਼ਿਲ ਤੋਂ 500-500 ਰੁਪਏ ਦੇ ਨੋਟਾਂ ਨਾਲ ਭਰੇ ਬੈਗ ਥੱਲੇ ਸੁੱਟੇ ਜਾਣ ਦੀ ਚਰਚਾ ਸਾਹਮਣੇ ਆਈ ਸੀ।