ਨਿਊਜ਼ ਪੰਜਾਬ
20 ਮਈ 2026
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਲੰਬੀ ਬਲਾਕ ਦੇ ਪਿੰਡ ਖਿਉਵਾਲੀ ਦੇ ਜੰਮਪਲ ਤੇ ਤੇਜ਼ ਗੇਂਦਬਾਜ਼ ਗੁਰਨੂਰ ਸਿੰਘ ਬਰਾੜ ਦੀ ਆਗਾਮੀ ਅਫ਼ਗਾਨਿਸਤਾਨ ਵਿਰੁੱਧ ਇਕ ਦਿਨਾਂ ਲੜੀ ਲਈ ਭਾਰਤ ਦੀ ਰਾਸ਼ਟਰੀ ਟੀਮ ਵਿੱਚ ਚੋਣ ਹੋਈ ਹੈ। 6 ਫੁੱਟ 5 ਇੰਚ ਲੰਬੇ ਗੁਰਨੂਰ ਆਪਣੀ 145 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀ ਗੇਂਦਬਾਜ਼ੀ ਲਈ ਜਾਣੇ ਜਾਂਦੇ ਹਨ। ਰਣਜੀ ਟਰਾਫੀ ਅਤੇ ਸ਼ੇਰ-ਏ-ਪੰਜਾਬ ਟੀ-20 ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਨ੍ਹਾਂ ਨੇ ਚੋਣਕਰਤਾਵਾਂ ਦਾ ਧਿਆਨ ਖਿੱਚਿਆ। ਇਸ ਵੇਲੇ ਉਹ ਆਈਪੀਐਲ ਵਿੱਚ Gujarat Titans ਵੱਲੋਂ ਖੇਡ ਰਹੇ ਹਨ, ਜਿਸ ਨੇ ਉਨ੍ਹਾਂ ਨੂੰ 1.3 ਕਰੋੜ ਰੁਪਏ ਵਿੱਚ ਖਰੀਦਿਆ ਸੀ। ਗੁਰਨੂਰ ਦੇ ਪਿਤਾ ਸੁਖਵੀਰ ਸਿੰਘ ਬਰਾੜ ਪੁਲਿਸ ਅਫ਼ਸਰ ਹਨ, ਜਦਕਿ ਛੋਟਾ ਭਰਾ ਵਰਨੂਰ ਬਰਾੜ ਵੀ ਕ੍ਰਿਕਟ ਨਾਲ ਜੁੜਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਗੁਰਨੂਰ ਬਰਾੜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਭਾਰਤ ਦੀ ਸੀਨੀਅਰ ਕ੍ਰਿਕਟ ਟੀਮ ਲਈ ਚੁਣੇ ਜਾਣ ਵਾਲੇ ਦੂਜੇ ਖਿਡਾਰੀ ਬਣੇ ਹਨ।
