ਨਿਊਜ਼ ਪੰਜਾਬ
2 ਮਈ 2026
ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹਾ ਵਿੱਚ ਸ਼ਨੀਵਾਰ ਨੂੰ ਇੱਕ ਆਈਈਡੀ ਧਮਾਕੇ ਦੌਰਾਨ ਡਿਸਟ੍ਰਿਕਟ ਰਿਜ਼ਰਵ ਗਾਰਡ (DRG) ਦੇ ਤਿੰਨ ਜਵਾਨ ਜ਼ਖਮੀ ਹੋ ਗਏ। ਇਹ ਘਟਨਾ ਛੋਟੇਬੇਠੀਆ ਥਾਣਾ ਖੇਤਰ ਦੇ ਘਣੇ ਜੰਗਲਾਂ ਵਿੱਚ ਵਾਪਰੀ, ਜੋ ਨਾਰਾਇਣਪੁਰ ਜ਼ਿਲ੍ਹਾ ਦੀ ਸਰਹੱਦ ਨਾਲ ਲੱਗਦਾ ਹੈ।
ਧਮਾਕਾ ਉਸ ਵੇਲੇ ਹੋਇਆ ਜਦੋਂ DRG ਦੀ ਟੀਮ ਨਕਸਲੀਆਂ ਵੱਲੋਂ ਪਹਿਲਾਂ ਲਗਾਏ ਗਏ ਵਿਸਫੋਟਕਾਂ ਨੂੰ ਲੱਭਣ ਅਤੇ ਨਕਾਰਾ ਕਰਨ ਲਈ ਡੀਮਾਈਨਿੰਗ ਆਪ੍ਰੇਸ਼ਨ ਕਰ ਰਹੀ ਸੀ। ਇਸ ਦੌਰਾਨ ਇੱਕ ਲੁਕਿਆ ਹੋਇਆ IED ਐਕਟਿਵ ਹੋ ਗਿਆ ਅਤੇ ਜ਼ੋਰਦਾਰ ਧਮਾਕਾ ਹੋਇਆ।
ਘਟਨਾ ਤੋਂ ਬਾਅਦ ਜ਼ਖਮੀ ਜਵਾਨਾਂ ਨੂੰ ਤੁਰੰਤ ਨੇੜਲੇ ਸਿਹਤ ਕੇਂਦਰ ਲਿਜਾਇਆ ਗਿਆ ਅਤੇ ਬਾਅਦ ਵਿੱਚ ਉੱਚ ਇਲਾਜ ਲਈ ਰੈਫਰ ਕੀਤਾ ਗਿਆ। ਅਧਿਕਾਰੀਆਂ ਮੁਤਾਬਕ, ਤਿੰਨਾਂ ਦੀ ਹਾਲਤ ਇਸ ਵੇਲੇ ਸਥਿਰ ਹੈ।ਇਸ ਘਟਨਾ ਨੂੰ ਖਾਸ ਇਸ ਕਰਕੇ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਹਾਲ ਹੀ ਵਿੱਚ ਰਾਜ ਨੂੰ ਨਕਸਲ ਮੁਕਤ ਘੋਸ਼ਿਤ ਕੀਤਾ ਗਿਆ ਸੀ। ਇਸ ਦੇ ਬਾਵਜੂਦ ਹੋਈ ਇਹ ਘਟਨਾ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰਦੀ ਹੈ।
ਧਮਾਕੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਵੱਡੀ ਸਰਚ ਓਪਰੇਸ਼ਨ ਸ਼ੁਰੂ ਕਰ ਦਿੱਤੀ ਹੈ ਅਤੇ ਹੋਰ IEDਜ਼ ਦੀ ਤਲਾਸ਼ ਜਾਰੀ ਹੈ। ਨਾਲ ਹੀ, ਨਕਸਲੀ ਗਤੀਵਿਧੀਆਂ ਨੂੰ ਦੇਖਦੇ ਹੋਏ ਚੌਕਸੀ ਵੀ ਵਧਾ ਦਿੱਤੀ ਗਈ ਹੈ।
