2015 ਕਾਰ ਬੰਬ ਧਮਾਕਾ ਮਾਮਲਾ: ਮੁਹਾਲੀ ਅਦਾਲਤ ਵੱਲੋਂ ਦਿਲੀਪ ਸਿੰਘ ਭਗੌੜਾ ਘੋਸ਼ਿਤ

ਨਿਊਜ਼ ਪੰਜਾਬ

17 ਅਪ੍ਰੈਲ 2026

ਮੁਹਾਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ 2015 ਦੇ ਸੰਵੇਦਨਸ਼ੀਲ ਕਾਰ ਬੰਬ ਧਮਾਕੇ ਮਾਮਲੇ ਵਿੱਚ ਲੰਬੇ ਸਮੇਂ ਤੋਂ ਫਰਾਰ ਦੋਸ਼ੀ ਠਾਕੁਰ ਦਿਲੀਪ ਸਿੰਘ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ। ਅਦਾਲਤ ਨੇ ਇਹ ਫੈਸਲਾ ਉਸ ਵੇਲੇ ਲਿਆ ਜਦੋਂ ਦੋਸ਼ੀ ਵਾਰ-ਵਾਰ ਮੌਕੇ ਦੇ ਬਾਵਜੂਦ ਪੇਸ਼ ਨਹੀਂ ਹੋਇਆ।

ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਦਿਲੀਪ ਸਿੰਘ ਨੂੰ ਹਾਜ਼ਰ ਹੋਣ ਲਈ ਕਈ ਵਾਰ ਮੌਕਾ ਦਿੱਤਾ ਗਿਆ, ਪਰ ਉਸਦੀ ਲਗਾਤਾਰ ਗੈਰਹਾਜ਼ਰੀ ਨੇ ਕਾਨੂੰਨੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ। ਸਾਰੀਆਂ ਲਾਜ਼ਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਅਦਾਲਤ ਨੇ ਉਸਨੂੰ ਭਗੌੜਾ ਐਲਾਨ ਦਿੱਤਾ, ਜਿਸ ਨਾਲ ਹੁਣ ਮਾਮਲੇ ਵਿੱਚ ਅਗਲੇ ਕਦਮ ਚੁੱਕਣ ਦਾ ਰਾਹ ਖੁਲ੍ਹ ਗਿਆ ਹੈ।

ਸਰਕਾਰੀ ਵਕੀਲ ਅਨਮੋਲ ਨਾਰੰਗ ਨੇ ਦੱਸਿਆ ਕਿ ਦੋਸ਼ੀ ‘ਤੇ 4 ਦਸੰਬਰ 2015 ਦੇ ਕਾਰ ਬੰਬ ਧਮਾਕੇ ਵਿੱਚ ਸ਼ਾਮਿਲ ਹੋਣ ਦੇ ਦੋਸ਼ ਹਨ। ਜਾਂਚ ਦੌਰਾਨ ਉਹ ਦੇਸ਼ ਛੱਡ ਕੇ ਫਰਾਰ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਕਾਨੂੰਨ ਤੋਂ ਬਚਦਾ ਆ ਰਿਹਾ ਹੈ।

ਏਜੰਸੀਆਂ ਵੱਲੋਂ ਉਸਦੀ ਭਾਲ ਨੂੰ ਦੇਸ਼ੀ ਹੱਦਾਂ ਤੋਂ ਬਾਹਰ ਤੱਕ ਫੈਲਾਇਆ ਗਿਆ। 13 ਮਈ 2021 ਨੂੰ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ, ਜਿਸ ਤੋਂ ਬਾਅਦ ਲੁੱਕਆਊਟ ਨੋਟਿਸ ਵੀ ਜਾਰੀ ਹੋਇਆ। 31 ਦਸੰਬਰ 2022 ਨੂੰ ਸੀਬੀਆਈ ਨੇ ਚਾਰਜਸ਼ੀਟ ਦਾਇਰ ਕੀਤੀ ਅਤੇ ਦਸੰਬਰ 2023 ਵਿੱਚ ਇੰਟਰਪੋਲ ਰਾਹੀਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ।ਇਨ੍ਹਾਂ ਸਭ ਦੇ ਬਾਵਜੂਦ ਦੋਸ਼ੀ ਦਾ ਕੋਈ ਪਤਾ ਨਹੀਂ ਲੱਗ ਸਕਿਆ, ਜਿਸ ਕਾਰਨ ਅਦਾਲਤ ਨੇ ਹੁਣ ਸਖ਼ਤ ਰੁਖ ਅਪਣਾਉਂਦਿਆਂ ਉਸਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਹੈ।