ਵੇਦਾਂਤਾ ਪਾਵਰ ਪਲਾਂਟ ਬਾਇਲਰ ਧਮਾਕਾ: 10 ਮਜ਼ਦੂਰਾਂ ਦੀ ਮੌਤ, ਕਈ ਗੰਭੀਰ ਜ਼ਖਮੀ

ਨਿਊਜ਼ ਪੰਜਾਬ

14 ਅਪ੍ਰੈਲ 2026

ਛੱਤੀਸਗੜ੍ਹ ਦੇ ਸਕਤੀ ਜ਼ਿਲ੍ਹਾ ਦੇ ਸਿੰਘੰਤਰਾਈ ਪਿੰਡ ਵਿੱਚ ਸਥਿਤ Vedanta Limited ਦੇ ਪਾਵਰ ਪਲਾਂਟ ਵਿੱਚ ਇਕ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਬਾਇਲਰ ਟਿਊਬ ਫਟਣ ਕਾਰਨ ਵੱਡਾ ਧਮਾਕਾ ਹੋਇਆ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ 10 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਸੜੇ ਹੋਏ ਹਸਪਤਾਲ ਵਿੱਚ ਇਲਾਜ ਅਧੀਨ ਹਨ।

ਹਾਦਸਾ ਦੁਪਹਿਰ ਕਰੀਬ 2 ਵਜੇ ਵਾਪਰਿਆ, ਜਦੋਂ ਪਲਾਂਟ ਵਿੱਚ ਲਗਭਗ 40-50 ਮਜ਼ਦੂਰ ਕੰਮ ਕਰ ਰਹੇ ਸਨ। ਅਚਾਨਕ ਧਮਾਕੇ ਨਾਲ ਪਲਾਂਟ ਵਿੱਚ ਹਫੜਾ-ਦਫੜੀ ਮਚ ਗਈ ਅਤੇ ਮਜ਼ਦੂਰ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਸ਼ੁਰੂਆਤੀ ਰਿਪੋਰਟਾਂ ਵਿੱਚ ਤਿੰਨ ਮੌਤਾਂ ਦੀ ਪੁਸ਼ਟੀ ਹੋਈ ਸੀ, ਪਰ ਕੁਝ ਹੀ ਘੰਟਿਆਂ ਵਿੱਚ ਇਹ ਗਿਣਤੀ ਵੱਧ ਕੇ 9 ਹੋ ਗਈ ਅਤੇ ਬਾਅਦ ਵਿੱਚ ਇੱਕ ਹੋਰ ਮਜ਼ਦੂਰ ਦੀ ਇਲਾਜ ਦੌਰਾਨ ਮੌਤ ਹੋਣ ਨਾਲ ਅੰਕੜਾ 10 ਤੱਕ ਪਹੁੰਚ ਗਿਆ।

ਪੁਲਿਸ ਸੁਪਰਡੈਂਟ ਪ੍ਰਫੁੱਲ ਠਾਕੁਰ ਨੇ ਦੱਸਿਆ ਕਿ ਹਾਦਸਾ ਬਾਇਲਰ ਟਿਊਬ ਫਟਣ ਕਾਰਨ ਵਾਪਰਿਆ। ਉਨ੍ਹਾਂ ਮੁਤਾਬਕ ਕਈ ਮਜ਼ਦੂਰ ਅਜੇ ਵੀ ਅੰਦਰ ਫਸੇ ਹੋ ਸਕਦੇ ਹਨ ਅਤੇ ਬਚਾਅ ਕਾਰਜ ਜਾਰੀ ਹਨ, ਜਿਸ ਕਰਕੇ ਮੌਤਾਂ ਦੀ ਗਿਣਤੀ ਹੋਰ ਵੱਧਣ ਦੀ ਸੰਭਾਵਨਾ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨਿਕ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਜ਼ਖਮੀਆਂ ਨੂੰ ਤੁਰੰਤ ਉੱਚ ਚਿਕਿਤਸਾ ਕੇਂਦਰਾਂ ਵਿੱਚ ਭੇਜਿਆ ਗਿਆ ਹੈ, ਜਿੱਥੇ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰਦੇਵ ਸਾਈ ਨੇ ਇਸ ਦੁਖਦਾਈ ਘਟਨਾ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਜਤਾਉਂਦੇ ਹੋਏ ਕਿਹਾ ਕਿ ਜ਼ਖਮੀਆਂ ਦੇ ਇਲਾਜ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਹਾਦਸੇ ਦੀ ਪੂਰੀ ਤੇ ਨਿਰਪੱਖ ਜਾਂਚ ਕਰਵਾਈ ਜਾਵੇਗੀ।