ਨਿਊਜ਼ ਪੰਜਾਬ
14 ਅਪ੍ਰੈਲ 2026
ਪੰਜਾਬ ਵਿੱਚ ਸੜਕ ਹਾਦਸਿਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਬਰਨਾਲਾ ਦੀ ਪੱਤੀ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਤੇਜ਼ ਰਫ਼ਤਾਰ ਕਾਲੀ ਥਾਰ ਨੇ ਇੱਕ ਗਰੀਬ ਪਰਿਵਾਰ ਦੀ ਰੋਜ਼ੀ-ਰੋਟੀ ਕਮਾਉਣ ਵਾਲੇ ਮੈਂਬਰ ਨੂੰ ਕੁਚਲ ਕੇ ਰੱਖ ਦਿੱਤਾ। ਜਾਣਕਾਰੀ ਮੁਤਾਬਕ ਭਦੋੜ ਨੇੜੇ ਪਿੰਡ ਬਲੋਕ ਦੇ ਰਹਿਣ ਵਾਲੇ 55 ਸਾਲਾ ਜਗਤਾਰ ਸਿੰਘ, ਜੋ ਸੜਕ ਦੇ ਕਿਨਾਰੇ ਆਪਣੇ ਮੋਟਰਸਾਈਕਲ ਸਮੇਤ ਖੜੇ ਸਨ, ਨੂੰ ਬੇਕਾਬੂ ਥਾਰ ਨੇ ਭਿਆਨਕ ਟੱਕਰ ਮਾਰੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜਗਤਾਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਗੱਡੀ ਉਹਨਾਂ ਨੂੰ ਕਰੀਬ 100 ਫੁੱਟ ਤੱਕ ਘਸੀਟਦੀ ਲੈ ਗਈ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਮੁਤਾਬਕ ਜਗਤਾਰ ਸਿੰਘ ਇੱਕ ਪ੍ਰਾਈਵੇਟ ਸਕੂਲ ਵਿੱਚ ਬੱਸ ਡਰਾਈਵਰ ਵਜੋਂ ਕੰਮ ਕਰਦੇ ਸਨ ਅਤੇ ਉਹ ਆਪਣੇ ਘਰ ਦੇ ਇਕੱਲੇ ਕਮਾਉਣ ਵਾਲੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਬੁਜ਼ੁਰਗ ਪਿਤਾ, ਅੰਗਹੀਣ ਪੁੱਤਰ ਅਤੇ ਦੋ ਛੋਟੀਆਂ ਧੀਆਂ ਸ਼ਾਮਲ ਹਨ। ਘਰ ਉੱਪਰ ਲਗਭਗ 2 ਲੱਖ ਰੁਪਏ ਦਾ ਕਰਜ਼ਾ ਵੀ ਹੈ, ਜਿਸ ਕਾਰਨ ਇਹ ਹਾਦਸਾ ਪਰਿਵਾਰ ਲਈ ਵੱਡਾ ਸਦਮਾ ਬਣ ਗਿਆ ਹੈ।
ਪਰਿਵਾਰ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਥਾਰ ਚਾਲਕ ਆਪਣੇ ਤਿੰਨ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਉਹਨਾਂ ਵੱਲੋਂ ਵਾਹਨ ਦੀਆਂ ਸਰਕਾਰੀ ਨੰਬਰ ਪਲੇਟਾਂ ਵਾਲੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ ਅਤੇ ਇਨਸਾਫ ਦੀ ਮੰਗ ਕੀਤੀ ਗਈ ਹੈ।
ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਬ-ਇੰਸਪੈਕਟਰ ਗਿਆਨ ਸਿੰਘ ਦੇ ਅਨੁਸਾਰ ਮ੍ਰਿਤਕ ਦੀ ਪਤਨੀ ਬਲਜੀਤ ਕੌਰ ਦੇ ਬਿਆਨ ਦੇ ਆਧਾਰ ’ਤੇ ਥਾਰ ਚਾਲਕ ਪਰਮਵੀਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰਨ ਅਤੇ ਵਾਹਨ ਬਰਾਮਦ ਕਰਨ ਦਾ ਭਰੋਸਾ ਦਿੱਤਾ ਹੈ।
