ਨਿਊਜ਼ ਪੰਜਾਬ
19 ਮਾਰਚ 2026
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਕਿਉਂਕਿ ਉਨ੍ਹਾਂ ਦੇ ਬਹੁਚਰਚਿਤ ਹੋਲੋਗ੍ਰਾਮ ਸ਼ੋਅ ‘ਸਾਈਨ ਟੂ ਗੌਡ ਵਰਲਡ ਟੂਰ’ ਦਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ। ਇਹ ਵੀਡੀਓ ਗਾਇਕ ਦੇ ਅਧਿਕਾਰਿਕ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ, ਜਿਸ ਨੇ ਫੈਨਜ਼ ਵਿੱਚ ਨਵੀਂ ਉਤਸੁਕਤਾ ਪੈਦਾ ਕਰ ਦਿੱਤੀ ਹੈ। ਮੌਤ ਤੋਂ ਬਾਅਦ ਕਿਸੇ ਵੀ ਪੰਜਾਬੀ ਕਲਾਕਾਰ ਲਈ ਇਹ ਪਹਿਲਾ ਹੋਲੋਗ੍ਰਾਮ ਸ਼ੋਅ ਹੋਵੇਗਾ, ਜਿਸ ਵਿੱਚ ਅਧੁਨਿਕ 3ਡੀ ਟੈਕਨਾਲੋਜੀ ਰਾਹੀਂ ਮੂਸੇਵਾਲਾ ਨੂੰ ਸਟੇਜ ‘ਤੇ ਜੀਵੰਤ ਰੂਪ ਵਿੱਚ ਪੇਸ਼ ਕੀਤਾ ਜਾਵੇਗਾ। ਟੀਜ਼ਰ ਵਿੱਚ ਛੋਟੇ ਸਿੱਧੂ ਦੀ ਤਸਵੀਰ ਵੀ ਸ਼ਾਮਿਲ ਹੈ ਅਤੇ ਕੈਪਸ਼ਨ ‘ਚ “ਜਨਮ ਦਿਨ ਮੁਬਾਰਕ ਸ਼ੁਭਦੀਪ” ਲਿਖਿਆ ਗਿਆ ਹੈ, ਜਿਸ ਨਾਲ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਸ਼ੋਅ 11 ਜੂਨ 2026 ਨੂੰ, ਉਨ੍ਹਾਂ ਦੇ ਜਨਮ ਦਿਨ ਮੌਕੇ ਰਿਲੀਜ਼ ਕੀਤਾ ਜਾਵੇਗਾ। ਟੀਜ਼ਰ ਦੀ ਸ਼ੁਰੂਆਤ ਹੋਲੋਗ੍ਰਾਮ ਸਿੱਧੂ ਨਾਲ ਹੁੰਦੀ ਹੈ, ਜਿੱਥੇ ਉਹ ਅੱਖਾਂ ਖੋਲ੍ਹਦੇ ਹਨ ਅਤੇ ਫਿਰ ਸਟੇਡੀਅਮ ਦੀ ਭੀੜ ਦਾ ਦ੍ਰਿਸ਼ ਦਿਖਾਇਆ ਜਾਂਦਾ ਹੈ। ਇਸ ਟੂਰ ਵਿੱਚ ਭਾਰਤ ਸਮੇਤ ਪਾਕਿਸਤਾਨ, ਇੰਗਲੈਂਡ, ਦੁਬਈ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਪ੍ਰਦਰਸ਼ਨ ਹੋਣ ਦੀ ਸੰਭਾਵਨਾ ਹੈ।
